#AMERICA

ਟਰੰਪ ਦੀ ਚੇਤਾਵਨੀ: ”ਜੇ ਡੈਮੋਕ੍ਰੈਟਸ ਨੇ ਕਾਂਗਰਸ ਸੰਭਾਲ ਲਈ ਤਾਂ ਦੇਸ਼ ਖਤਰੇ ਵਿਚ ਪੈ ਸਕਦਾ”

ਵਾਸ਼ਿੰਗਟਨ, 28 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਤਿੱਖਾ ਬਿਆਨ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇ ਨਵੰਬਰ ਚੋਣਾਂ ਵਿਚ ਡੈਮੋਕ੍ਰੇਟਸ ਨੇ ਕਾਂਗਰਸ ‘ਤੇ ਕਬਜ਼ਾ ਕਰ ਲਿਆ, ਤਾਂ ਅਮਰੀਕਾ ਦਾ ਸਿਆਸੀ ਅਤੇ ਨਿਆਂਕਾਰੀ ਢਾਂਚਾ ਪੂਰੀ ਤਰ੍ਹਾਂ ਬਦਲ ਸਕਦਾ ਹੈ।
ਟਰੰਪ ਨੇ ਦੋਸ਼ ਲਗਾਇਆ ਕਿ ਡੈਮੋਕਰੇਟਸ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 9 ਤੋਂ ਵਧਾ ਕੇ 21 ਤੱਕ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸਨੂੰ ਆਮ ਤੌਰ ‘ਤੇ ”ਕੋਰਟ ਪੈਕਿੰਗ” ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੈਨੇਟ ਫਿਲਿਬਸਟਰ ਨਿਯਮ ਖਤਮ ਕੀਤਾ ਜਾ ਸਕਦਾ ਹੈ ਅਤੇ ਇਮੀਗ੍ਰੇਸ਼ਨ ਨੀਤੀਆਂ ਹੋਰ ਢਿੱਲੀਆਂ ਹੋ ਸਕਦੀਆਂ ਹਨ, ਜਿਸ ਨਾਲ ਬਾਰਡਰ ਰਾਹੀਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਵਿਚ ਆ ਸਕਦੇ ਹਨ।
ਟਰੰਪ ਨੇ ਆਪਣੇ ਬਿਆਨ ‘ਚ ਕਿਹਾ, ”ਜੇ ਡੈਮੋਕ੍ਰੇਟਸ ਨੇ ਕਾਂਗਰਸ ਅਤੇ ਦੇਸ਼ ਦਾ ਕੰਟਰੋਲ ਲੈ ਲਿਆ, ਤਾਂ ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਖਤਮ ਹੋ ਜਾਵੇਗਾ। ਸਾਨੂੰ ਨਵੰਬਰ ਵਿਚ ਕਾਂਗਰਸ ਆਪਣੇ ਕੋਲ ਰੱਖਣੀ ਪਵੇਗੀ।”
ਇਹ ਬਿਆਨ ਆਉਣ ਵਾਲੀਆਂ ਮੱਧਕਾਲੀ ਚੋਣਾਂ ਨੂੰ ਲੈ ਕੇ ਰਿਪਬਲਿਕਨ ਮੁਹਿੰਮ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿੱਥੇ ਇਮੀਗ੍ਰੇਸ਼ਨ, ਸੁਪਰੀਮ ਕੋਰਟ ਅਤੇ ਸੰਘੀ ਸ਼ਕਤੀ ਵਰਗੇ ਮਸਲੇ ਮੁੱਖ ਚਰਚਾ ਵਿਚ ਹਨ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਰੰਪ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਨਿਆਂਪਾਲਿਕਾ, ਸਰਹੱਦੀ ਸੁਰੱਖਿਆ ਅਤੇ ਕੰਜ਼ਰਵੇਟਿਵ ਕਦਰਾਂ-ਕੀਮਤਾਂ ਵਾਲੇ ਮਸਲਿਆਂ ਨੂੰ ਕੇਂਦਰ ਵਿਚ ਰੱਖ ਰਹੇ ਹਨ।