-49 ਦਿਨਾਂ ਬਾਅਦ ਹਟੀ ਪਾਬੰਦੀ
ਵਾਸ਼ਿੰਗਟਨ, 17 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨੇ ਅੰਤਰਰਾਸ਼ਟਰੀ ਸੁਰੱਖਿਆ ਅਤੇ ਵਪਾਰ ਦੇ ਸਬੰਧ ਵਿਚ ਇੱਕ ਬਹੁਤ ਹੀ ਮਹੱਤਵਪੂਰਨ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ, ਈਰਾਨ ਇਸ ਗੱਲ ‘ਤੇ ਸਹਿਮਤ ਹੋ ਗਿਆ ਹੈ ਕਿ ਉਹ ਹੋਰਮੂਜ਼ ਨੂੰ ਦੁਬਾਰਾ ਕਦੇ ਵੀ ਬੰਦ ਨਹੀਂ ਕਰੇਗਾ।
ਟਰੰਪ ਨੇ ਸਪੱਸ਼ਟ ਕੀਤਾ ਕਿ ਇਸ ਅਹਿਮ ਸਮੁੰਦਰੀ ਰਸਤੇ ਨੂੰ ਹੁਣ ਦੁਨੀਆਂ ਦੇ ਵਿਰੁੱਧ ਇੱਕ ਹਥਿਆਰ ਵਜੋਂ ਨਹੀਂ ਵਰਤਿਆ ਜਾਵੇਗਾ। ਇਹ ਸਮਝੌਤਾ ਵਿਸ਼ਵ ਪੱਧਰ ‘ਤੇ ਤੇਲ ਦੀ ਸਪਲਾਈ ਅਤੇ ਸਮੁੰਦਰੀ ਵਪਾਰਕ ਮਾਰਗਾਂ ਦੀ ਸੁਰੱਖਿਆ ਲਈ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਦੇ ਇਸ ਬਿਆਨ ਨੇ ਵਿਸ਼ਵ ਰਾਜਨੀਤੀ ਵਿੱ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ, ਕਿਉਂਕਿ ਇਹ ਰਸਤਾ ਅੰਤਰਰਾਸ਼ਟਰੀ ਵਪਾਰ ਲਈ ਬੇਹੱਦ ਮਹੱਤਵਪੂਰਨ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਈਰਾਨ ਨੇ ਐਲਾਨ ਕੀਤਾ ਕਿ ਲੇਬਨਾਨ ‘ਚ ਹੋਈ ਜੰਗਬੰਦੀ ਤੋਂ ਬਾਅਦ ਹੁਣ ‘ਹੋਰਮੁਜ਼ ਸਟ੍ਰੇਟ’ ਨੂੰ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਬਨਾਨ ਵਿਚ ਸੰਘਰਸ਼-ਵਿਰਾਮ ਦੇ ਮੱਦੇਨਜ਼ਰ ਸਾਰੇ ਵਪਾਰਕ ਜਹਾਜ਼ਾਂ ਦੇ ਗੁਜ਼ਰਨ ਲਈ ਮਾਰਗ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੋਰਮੁਜ਼ ਸਟ੍ਰੇਟ ਨੂੰ ਫਿਲਹਾਲ ਜੰਗਬੰਦੀ ਦੀ ਬਾਕੀ ਮਿਆਦ ਲਈ ਹੀ ਖੋਲ੍ਹਿਆ ਗਿਆ ਹੈ।
ਦੱਸਣਯੋਗ ਹੈ ਕਿ ਹੋਰਮੁਜ਼ ਸਟ੍ਰੇਟ ਵਿਚ ਜਹਾਜ਼ਾਂ ਦੀ ਆਵਾਜਾਈ 28 ਫਰਵਰੀ 2026 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਇਸੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਪਹਿਲੀ ਵਾਰ ਈਰਾਨ ਦੇ ਕਈ ਟਿਕਾਣਿਆਂ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਈਰਾਨ ਨੇ ਇਸ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਜੇਕਰ 28 ਫਰਵਰੀ ਤੋਂ 17 ਅਪ੍ਰੈਲ ਤੱਕ ਦਾ ਸਮਾਂ ਦੇਖਿਆ ਜਾਵੇ, ਤਾਂ ਲਗਭਗ 49 ਦਿਨਾਂ ਬਾਅਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਈਰਾਨ ਨੇ ਹਰ ਤਰ੍ਹਾਂ ਦੇ ਜਹਾਜ਼ਾਂ ਲਈ ਹੋਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਵੀ ਹੋਰਮੁਜ਼ ਸਮੇਤ ਈਰਾਨ ਦੇ ਦੂਜੇ ਬੰਦਰਗਾਹਾਂ ‘ਤੇ ਨਾਕਾਬੰਦੀ ਦਾ ਐਲਾਨ ਕਰ ਰੱਖਿਆ ਸੀ।
ਟਰੰਪ ਦਾ ਦਾਅਵਾ : ਹੁਣ ਦੁਬਾਰਾ ਕਦੇ ਬੰਦ ਨਹੀਂ ਹੋਵੇਗਾ ਸਟਰੇਟ ਆਫ ਹੋਰਮੂਜ਼!

