ਟੋਰਾਂਟੋ, 15 ਅਪ੍ਰੈਲ (ਪੰਜਾਬ ਮੇਲ)- ਸਥਾਈ ਨਿਵਾਸ (ਪੀ.ਆਰ.) ਦੇ ਸੁਪਨੇ ਨਾਲ ਕੈਨੇਡਾ ਆਏ ਹਜ਼ਾਰਾਂ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ ਇੱਕ ਨਵੀਂ ਨੀਤੀ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਪੀ.ਆਰ ਦਿੰਦੇ ਸਮੇਂ ਤਨਖਾਹ ਨੂੰ ਸਭ ਤੋਂ ਮਹੱਤਵਪੂਰਨ ਮਾਪਦੰਡ ਬਣਾਇਆ ਜਾਵੇਗਾ। ਇਸਦਾ ਮਤਲਬ ਹੈ ਕਿ ਵੱਧ ਕਮਾਈ ਵਾਲੇ ਲੋਕਾਂ ਨੂੰ ਵਧੇਰੇ ਅੰਕ ਮਿਲਣਗੇ, ਜਦੋਂ ਕਿ ਘੱਟ ਆਮਦਨ ਵਾਲੇ ਲੋਕਾਂ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ।
ਇਸ ਵੇਲੇ ਪੰਜ ਲੱਖ ਤੋਂ ਵੱਧ ਲੋਕ ਪੀ.ਆਰ. ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਲੱਖ ਤੋਂ ਵੱਧ ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ। ਐਕਸਪ੍ਰੈੱਸ ਐਂਟਰੀ ਸਿਸਟਮ ਵਿਚ ਵੱਡੀ ਗਿਣਤੀ ਵਿਚ ਸਰਗਰਮ ਪ੍ਰੋਫਾਈਲ ਵਿਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਰੈਸਟੋਰੈਂਟ, ਟਰੱਕਿੰਗ, ਟੈਕਸੀ ਅਤੇ ਉਸਾਰੀ ਖੇਤਰਾਂ ਵਿਚ ਕੰਮ ਕਰ ਰਹੇ ਹਨ, ਪਰ ਨਵੀਂ ਨੀਤੀ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਪ੍ਰਸਤਾਵਿਤ ਢਾਂਚੇ ਦੇ ਤਹਿਤ, ਉਮੀਦਵਾਰਾਂ ਨੂੰ ਤਨਖਾਹ ਦੇ ਆਧਾਰ ‘ਤੇ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਵੇਗਾ। ਪ੍ਰਤੀ ਘੰਟਾ 57 ਡਾਲਰ ਤੋਂ ਵੱਧ ਕਮਾਉਣ ਵਾਲੇ ਸਿਖਰ ‘ਤੇ ਹੋਣਗੇ, ਜਦੋਂਕਿ ਪ੍ਰਤੀ ਘੰਟਾ 35 ਡਾਲਰ ਤੱਕ ਕਮਾਉਣ ਵਾਲੇ ਸਭ ਤੋਂ ਹੇਠਾਂ ਹੋਣਗੇ। 28.5 ਡਾਲਰ ਦੀ ਔਸਤ ਤਨਖਾਹ ਤੋਂ ਘੱਟ ਕਮਾਉਣ ਵਾਲਿਆਂ ਲਈ ਪੀ.ਆਰ. ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
ਸਭ ਤੋਂ ਮਹੱਤਵਪੂਰਨ ਤਬਦੀਲੀ ਇਹ ਹੈ ਕਿ ਕੈਨੇਡਾ ਵਿਚ ਕੰਮ ਦੇ ਤਜ਼ਰਬੇ ਦੇ ਆਧਾਰ ‘ਤੇ ਦਿੱਤੇ ਜਾਣ ਵਾਲੇ ਵਾਧੂ ਅੰਕਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਿਹਨਤੀ ਪ੍ਰਵਾਸੀਆਂ ਨੂੰ ਸਿੱਧਾ ਨੁਕਸਾਨ ਹੋਵੇਗਾ। ਭਾਸ਼ਾ ਟੈਸਟ ਦੀਆਂ ਸ਼ਰਤਾਂ ਨੂੰ ਵੀ ਸਖ਼ਤ ਕੀਤਾ ਜਾਵੇਗਾ। ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਪ੍ਰਵਾਸੀ ਸਮੇਂ ਸਿਰ ਆਪਣੇ ਹੁਨਰ, ਭਾਸ਼ਾ ਅਤੇ ਆਮਦਨ ਵਿਚ ਸੁਧਾਰ ਕਰਨ, ਨਹੀਂ ਤਾਂ ਉਨ੍ਹਾਂ ਦੇ ਪੀ.ਆਰ. ਹਾਸਲ ਕਰਨ ਦੇ ਸੁਪਨੇ ਅਧੂਰੇ ਰਹਿ ਸਕਦੇ ਹਨ।
ਕੈਨੇਡਾ ਵੱਲੋਂ ਪੀ.ਆਰ. ਸੰਬੰਧੀ ਨਵੀਂ ਨੀਤੀ ਪੇਸ਼ ਕਰਨ ਦੀ ਤਿਆਰੀ

