ਟੋਰਾਂਟੋ, 25 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਆਈ.ਆਰ.ਸੀ.ਸੀ. ਨੇ 23 ਨਵੰਬਰ ਦੇ ਐਕਸਪ੍ਰੈਸ ਐਂਟਰੀ ਡਰਾਅ ਵਿਚ 1,999 ਉਮੀਦਵਾਰਾਂ ਨੂੰ ਪੱਕੀ ਰਿਹਾਇਸ਼ ਲਈ ਅਰਜ਼ੀ ਦੇਣ ਦਾ ਸੱਦਾ ਦਿੱਤਾ। ਇਹ ਡਰਾਅ ਉਨ੍ਹਾਂ ਉਮੀਦਵਾਰਾਂ ਲਈ ਸੀ, ਜਿਨ੍ਹਾਂ ਕੋਲ ਕਿਸੇ ਸੂਬੇ ਜਾਂ ਟੈਰਿਟਰੀ ਦੀ ਯੋਗ ਨਾਮਜ਼ਦਗੀ ਸੀ। ਖਬਰ ਮੁਤਾਬਕ, ਐਕਸਪ੍ਰੈੱਸ ਐਂਟਰੀ ਦੇ ਅੰਕ ਤੈਅ ਕਰਨ ਵਾਲੇ ਕੰਪਰੀਹੈਸਿਵ ਰੈਕਿੰਗ ਸਿਸਟਮ ਜਾਂ ਸੀ.ਆਰ.ਐੱਸ. ਵਿਚ ਤਬਦੀਲੀਆਂ ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਡਰਾਅ ਸੀ। ਸੱਦਾ ਮਿਲਣ ਨਾਲ ਚੁਣੇ ਉਮੀਦਵਾਰ ਆਪਣੀ ਪੱਕੀ ਰਿਹਾਇਸ਼ ਦੀ ਪੂਰੀ ਅਰਜ਼ੀ ਸੰਘੀ ਵਿਭਾਗ ਕੋਲ ਜਮ੍ਹਾਂ ਕਰਨ ਦੇ ਪੜਾਅ ਵਿਚ ਦਾਖ਼ਲ ਹੁੰਦੇ ਹਨ।
ਸੂਬਾਈ ਨਾਮਜ਼ਦਗੀ ਵਿਚ ਸੂਬਾ ਜਾਂ ਟੈਰਿਟਰੀ ਆਪਣੀਆਂ ਆਰਥਿਕ ਅਤੇ ਰੁਜ਼ਗਾਰ ਲੋੜਾਂ ਮੁਤਾਬਕ ਉਮੀਦਵਾਰਾਂ ਦੀ ਚੋਣ ਕਰਦੀ ਹੈ। ਐਕਸਪ੍ਰੈੱਸ ਐਂਟਰੀ ਵਿਚ ਪ੍ਰੋਫ਼ਾਈਲ ਰੱਖਣ ਵਾਲੇ ਉਮੀਦਵਾਰਾਂ ਵਿਚੋਂ ਕੌਣ ਕਿਸ ਡਰਾਅ ਵਿਚ ਵਿਚਾਰ ਅਧੀਨ ਆਉਂਦਾ ਹੈ, ਇਹ ਉਸ ਦੌਰ ਦੀ ਸ਼੍ਰੇਣੀ ਅਤੇ ਚੋਣ ਦੀਆਂ ਸ਼ਰਤਾਂ ‘ਤੇ ਨਿਰਭਰ ਕਰਦਾ ਹੈ। ਇਸ ਵਾਰ ਸੂਬਾਈ ਨਾਮਜ਼ਦਗੀ ਵਾਲੀ ਸ਼੍ਰੇਣੀ ਦੀ ਚੋਣ ਹੋਣ ਕਾਰਨ 1,999 ਸੱਦੇ ਉਸੇ ਸਮੂਹ ਵਿਚ ਗਏ। ਜਿਨ੍ਹਾਂ ਨੂੰ ਸੱਦਾ ਮਿਲਿਆ ਹੈ, ਉਨ੍ਹਾਂ ਦੇ ਦਸਤਾਵੇਜ਼ ਅਤੇ ਯੋਗਤਾ ਅਗਲੇ ਪੜਾਅ ਵਿਚ ਜਾਂਚੇ ਜਾਣਗੇ।
ਅੰਕਾਂ ਦੇ ਸਿਸਟਮ ਵਿਚ ਤਬਦੀਲੀ ਦਾ ਐਲਾਨ ਕੈਨੇਡਾ ਨੇ ਅਕਤੂਬਰ ਵਿਚ ਕੀਤਾ ਸੀ। ਸਰਕਾਰ ਮੁਤਾਬਕ, 3 ਨਵੰਬਰ ਤੋਂ ਯੋਗ ਕੈਨੇਡੀਅਨ ਕੰਮ ਦੇ ਤਜਰਬੇ ਜਾਂ ਵੱਧ ਤਨਖ਼ਾਹ ਵਾਲੇ ਯੋਗ ਪੇਸ਼ੇ ਵਿਚ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਅੰਕ ਮਿਲ ਸਕਦੇ ਹਨ। ਸਰਕਾਰ ਨੇ ਇੰਜੀਨੀਅਰਾਂ ਅਤੇ ਇਲੈਕਟ੍ਰੀਸ਼ਨਾਂ ਵਰਗੇ ਪੇਸ਼ਿਆਂ ਦੀਆਂ ਉਦਾਹਰਨਾਂ ਦਿੱਤੀਆਂ ਸਨ। ਨਵੇਂ ਅੰਕਾਂ ਦਾ ਅਸਰ ਉਮੀਦਵਾਰ ਦੀ ਆਪਣੀ ਪ੍ਰੋਫ਼ਾਈਲ ਅਤੇ ਯੋਗਤਾ ‘ਤੇ ਨਿਰਭਰ ਕਰਦਾ ਹੈ। ਹੁਣ ਇਹ ਵੀ ਪਤਾ ਲੱਗਿਆ ਹੈ ਕਿ ਸੋਧਾਂ ਤੋਂ ਬਾਅਦ ਪਹਿਲਾ ਚੋਣ ਦੌਰ ਸੂਬਾਈ ਨਾਮਜ਼ਦਗੀ ਵਾਲੇ ਉਮੀਦਵਾਰਾਂ ਲਈ ਹੋਇਆ।
ਕੈਨੇਡਾ ਨੇ ਐਕਸਪ੍ਰੈੱਸ ਐਂਟਰੀ ਰਾਹੀਂ ਪੱਕੀ ਰਿਹਾਇਸ਼ ਲਈ 1,999 ਸੱਦੇ ਭੇਜੇ

