#AMERICA

ਈਰਾਨ ਨਾਲ ਜੰਗ ਹੁਣ ਆਪਣੇ ਅੰਤ ਦੇ ਬਹੁਤ ਨੇੜੇ : ਡੋਨਾਲਡ ਟਰੰਪ

ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਲੈ ਕੇ ਇੱਕ ਅਹਿਮ ਬਿਆਨ ਦਿੱਤਾ ਹੈ। ਵ੍ਹਾਈਟ ਹਾਊਸ ਵਿਚ ਦਿੱਤੇ ਇੰਟਰਵਿਊ ਵਿਚ ਟਰੰਪ ਨੇ ਸੰਕੇਤ ਦਿੱਤਾ ਕਿ ਇਹ ਜੰਗ ਹੁਣ ਆਪਣੇ ਅੰਤ ਦੇ ਬਹੁਤ ਕਰੀਬ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਚੱਲ ਰਹੀ ਜੰਗ ਹੁਣ ਆਪਣੇ ਅੰਤ ਦੇ ਬਹੁਤ ਨੇੜੇ ਹੈ। ਮੈਨੂੰ ਲੱਗਦਾ ਹੈ ਕਿ ਇਹ (ਜੰਗ) ਲਗਭਗ ਖ਼ਤਮ ਹੋਣ ਵਾਲੀ ਹੈ… ਮੇਰੇ ਨਜ਼ਰੀਏ ਤੋਂ ਇਹ ਬਹੁਤ ਜਲਦ ਖ਼ਤਮ ਹੋ ਜਾਵੇਗੀ।
ਇੰਟਰਵਿਊ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਜੰਗ ਖ਼ਤਮ ਹੋ ਗਈ ਹੈ, ਤਾਂ ਉਨ੍ਹਾਂ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਇਹ ਖ਼ਤਮ ਹੋਣ ਦੇ ਕੰਢੇ ਹੈ। ਮੈਂ ਇਸਨੂੰ ਖ਼ਤਮ ਹੋਣ ਦੇ ਬਹੁਤ ਕਰੀਬ ਮੰਨਦਾ ਹਾਂ।” ਟਰੰਪ ਨੇ ਅੱਗੇ ਕਿਹਾ ਕਿ ਜੇਕਰ ਉਹ ਸਖ਼ਤ ਕਦਮ ਨਾ ਚੁੱਕਦੇ ਤਾਂ ਈਰਾਨ ਕੋਲ ਹੁਣ ਤੱਕ ਪ੍ਰਮਾਣੂ ਹਥਿਆਰ ਹੁੰਦੇ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਈਰਾਨ ਪ੍ਰਮਾਣੂ ਤਾਕਤ ਬਣ ਜਾਂਦਾ, ਤਾਂ ਦੁਨੀਆਂ ਨੂੰ ਉਨ੍ਹਾਂ ਨੂੰ ‘ਸਰ-ਸਰ’ ਕਹਿ ਕੇ ਸੰਬੋਧਨ ਕਰਨਾ ਪੈਂਦਾ।
ਟਰੰਪ ਇੱਕ ਹੋਰ ਬਿਆਨ ਵਿਚ ਦੱਸਿਆ ਕਿ ਪਾਕਿਸਤਾਨ ਵਿਚ ਹੋਈਆਂ ਪਿਛਲੀਆਂ ਗੱਲਬਾਤਾਂ ਦੇ ਅਸਫਲ ਰਹਿਣ ਤੋਂ ਬਾਅਦ ਹੁਣ ਅਗਲੇ ਦੋ ਦਿਨਾਂ ਦੇ ਅੰਦਰ ਅਮਰੀਕਾ-ਈਰਾਨ ਜੰਗਬੰਦੀ ਵਾਰਤਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਅਮਰੀਕਾ ਅਤੇ ਈਰਾਨ ਵਿਚਕਾਰ 21 ਅਪ੍ਰੈਲ ਤੱਕ ਦੋ ਹਫ਼ਤਿਆਂ ਦੀ ਆਰਜ਼ੀ ਜੰਗਬੰਦੀ ਚੱਲ ਰਹੀ ਹੈ, ਜੋ ਫਿਲਹਾਲ ਸਥਿਰ ਜਾਪਦੀ ਹੈ। ਰਾਸ਼ਟਰਪਤੀ ਦਾ ਮੰਨਣਾ ਹੈ ਕਿ ਅਮਰੀਕਾ ਨੇ ਆਪਣੇ ਮੁੱਖ ਉਦੇਸ਼—ਤੇਹਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ ਅਤੇ ਉਸਦੀ ਫੌਜੀ ਤਾਕਤ ਨੂੰ ਸੀਮਤ ਕਰਨਾ—ਹਾਸਲ ਕਰ ਲਏ ਹਨ। ਦੂਜੇ ਪਾਸੇ, ਈਰਾਨ ਨੇ ਅਮਰੀਕਾ ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।