#AUSTRALIA

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥਣ ਦੀ ਮੌਤ ਮਾਮਲੇ ‘ਚ ਨਾਬਾਲਗ ਡਰਾਈਵਰ ‘ਤੇ ਦੋਸ਼

ਸਿਡਨੀ, 24 ਜੂਨ (ਪੰਜਾਬ ਮੇਲ)- ਪਰਥ ਦੇ ਬੈਂਟਲੀ ਇਲਾਕੇ ਵਿਚ ਇੱਕ ਸ਼ਾਪਿੰਗ ਸੈਂਟਰ ਦੇ ਕਾਰ ਪਾਰਕ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਆਈ 19 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਮਈ ਮਹੀਨੇ ਵਿਚ ਇੱਕ ਕਾਰ ਦੀ ਟੱਕਰ ਨਾਲ ਮੌਤ ਹੋ ਗਈ ਸੀ। ਹੁਣ ਇਸ ਘਟਨਾ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਕਿਸ਼ੋਰ ਡਰਾਈਵਰ ਵਿਰੁੱਧ ਦੋਸ਼ ਲਗਾਏ ਹਨ।
ਕੋਮਲਪ੍ਰੀਤ ਕੌਰ ਪੱਛਮੀ ਆਸਟ੍ਰੇਲੀਆ ਵਿਚ ਪੜ੍ਹਾਈ ਕਰ ਰਹੀ ਸੀ ਅਤੇ ਪਾਰਟ ਟਾਈਮ ਨੌਕਰੀ ਵੀ ਕਰਦੀ ਸੀ। ਪਰਿਵਾਰ ਅਤੇ ਦੋਸਤਾਂ ਮੁਤਾਬਕ ਉਹ ਭਵਿੱਖ ਲਈ ਵੱਡੇ ਸੁਪਨੇ ਲੈ ਕੇ ਆਸਟ੍ਰੇਲੀਆ ਆਈ ਸੀ। 17 ਮਈ ਦੀ ਰਾਤ ਬੈਂਟਲੀ ਪਲਾਜ਼ਾ ਦੇ ਕਾਰ ਪਾਰਕ ਵਿਚ ਉਹ ਇੱਕ ਕਾਰ ਦੀ ਲਪੇਟ ਵਿਚ ਆ ਗਈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਦੁਖਦਾਈ ਘਟਨਾ ਤੋਂ ਬਾਅਦ ਭਾਈਚਾਰੇ ਵੱਲੋਂ ਸਹਿਯੋਗ ਕਰਦਿਆਂ ਉਸ ਦੀ ਦੇਹ ਭਾਰਤ ਭੇਜਣ ਲਈ ਹਜ਼ਾਰਾਂ ਡਾਲਰ ਫੰਡ ਇਕੱਠੇ ਕੀਤੇ ਗਏ। ਹੁਣ ਪੁਲਿਸ ਦੀ ਜਾਂਚ ਅੱਗੇ ਵਧਣ ਤੋਂ ਬਾਅਦ ਇੱਕ ਨਾਬਾਲਗ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਮਾਮਲਾ ਅਦਾਲਤ ਵਿਚ ਜਾਣ ਕਾਰਨ ਪੁਲਿਸ ਵੱਲੋਂ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।