#AMERICA

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ ਦੌਰੇ ‘ਤੇ

ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ 23 ਮਈ ਤੋਂ 26 ਮਈ ਤੱਕ ਭਾਰਤ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ।
ਇਸ ਦੌਰੇ ਦੌਰਾਨ ਰੂਬਿਓ ਭਾਰਤ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਮਹੱਤਵਪੂਰਨ ਮਸਲਿਆਂ ‘ਤੇ ਗੱਲਬਾਤ ਕਰਨਗੇ, ਜਿਨ੍ਹਾਂ ਵਿਚ ਊਰਜਾ ਸੁਰੱਖਿਆ, ਵਪਾਰਕ ਸਬੰਧ ਅਤੇ ਰੱਖਿਆ ਸਹਿਯੋਗ ਮੁੱਖ ਰਹਿਣਗੇ। ਦੋਵਾਂ ਦੇਸ਼ਾਂ ਵਿਚਕਾਰ ਇੰਡੋ-ਪੈਸਿਫਿਕ ਖੇਤਰ ਦੀ ਸੁਰੱਖਿਆ, ਚੀਨ ਨਾਲ ਜੁੜੀਆਂ ਰਣਨੀਤਿਕ ਚੁਣੌਤੀਆਂ ਅਤੇ ਆਰਥਿਕ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਭਾਰਤ ਦੌਰਾ ਹੁਣ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ, ਵਪਾਰ, ਟੈਕਨੋਲੋਜੀ ਅਤੇ ਇੰਡੋ-ਪੈਸਿਫਿਕ ਸੁਰੱਖਿਆ ਵਰਗੇ ਮਸਲਿਆਂ ‘ਤੇ ਵੱਡੇ ਪੱਧਰ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਖ਼ਾਸ ਕਰਕੇ ਰੱਖਿਆ ਸੌਦਿਆਂ, ਟੈਕਨੋਲੋਜੀ ਸਾਂਝ ਅਤੇ ਸਾਫ਼ ਊਰਜਾ ਪ੍ਰੋਜੈਕਟਾਂ ਵਿਚ ਦੋਵਾਂ ਦੇਸ਼ਾਂ ਦੀ ਭਾਗੀਦਾਰੀ ਨੂੰ ਲੈ ਕੇ ਵੀ ਅਹਿਮ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਦੋਵੇਂ ਦੇਸ਼ ਕ੍ਰਿਟੀਕਲ ਮਿਨਰਲਜ਼, ਸਾਫ਼ ਊਰਜਾ, ਏ.ਆਈ. ਟੈਕਨੋਲੋਜੀ ਅਤੇ ਰੱਖਿਆ ਖੇਤਰ ਵਿਚ ਨਵੇਂ ਸਮਝੌਤਿਆਂ ਨੂੰ ਵੀ ਅੱਗੇ ਵਧਾ ਸਕਦੇ ਹਨ। ਭਾਰਤ ਵੱਲੋਂ ਅਮਰੀਕਾ ਵਿਚ ਵੱਡੇ ਨਿਵੇਸ਼ ਅਤੇ ਵਪਾਰਕ ਸਾਂਝ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਰੂਬਿਓ ਦੀ ਮੁਲਾਕਾਤ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਤੈਅ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ, ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਹੋਈ।
ਇਸ ਦੌਰੇ ਦੀ ਇੱਕ ਹੋਰ ਵੱਡੀ ਖ਼ਾਸ ਗੱਲ ਕਵਾਡ ਮੀਟਿੰਗ ਹੋਵੇਗੀ, ਜਿਸ ਵਿਚ ਅਮਰੀਕਾ, ਭਾਰਤ, ਜਪਾਨ ਅਤੇ ਆਸਟ੍ਰੇਲੀਆ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ਚੀਨ ਦੇ ਵਧਦੇ ਪ੍ਰਭਾਵ, ਸਮੁੰਦਰੀ ਸੁਰੱਖਿਆ, ਸਪਲਾਈ ਚੇਨ ਅਤੇ ਡਿਫੈਂਸ ਕੋਆਪਰੇਸ਼ਨ ‘ਤੇ ਵਿਚਾਰ ਕੀਤਾ ਜਾਵੇਗਾ।
ਭਾਰਤ-ਅਮਰੀਕਾ ਚੀਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ ਇਕੱਠੇ ਕੰਮ ਕਰ ਰਹੇ ਹਨ।