#AMERICA

ਅਮਰੀਕੀਆਂ ਲਈ ਪਾਸਪੋਰਟ ਬਣਵਾਉਣਾ ਹੋਵੇਗਾ ਹੋਰ ਆਸਾਨ

-ਘਰ ਬੈਠੇ ਹੀ ਖਿੱਚ ਸਕਣਗੇ ਪਾਸਪੋਰਟ ਫੋਟੋ, ਨਵਾਂ ਫੇਸ਼ਲ ਰਿਕੋਗਨੀਸ਼ਨ ਸਿਸਟਮ ਟੈਸਟਿੰਗ ਹੇਠ
ਵਾਸ਼ਿੰਗਟਨ, 13 ਜੁਲਾਈ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਮੰਤਰਾਲਾ ਪਾਸਪੋਰਟ ਅਰਜ਼ੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਲਈ ਇੱਕ ਨਵੇਂ ਡਿਜ਼ੀਟਲ ਸਿਸਟਮ ‘ਤੇ ਕੰਮ ਕਰ ਰਿਹਾ ਹੈ। ਇਸ ਨਵੇਂ ਸਿਸਟਮ ਦੇ ਲਾਗੂ ਹੋਣ ਤੋਂ ਬਾਅਦ ਅਮਰੀਕੀ ਨਾਗਰਿਕਾਂ ਨੂੰ ਪਾਸਪੋਰਟ ਫੋਟੋ ਖਿਚਵਾਉਣ ਲਈ ਸੀ.ਵੀ.ਐੱਸ., ਵਾਲਗ੍ਰੀਨਜ਼ ਜਾਂ ਕਿਸੇ ਹੋਰ ਫੋਟੋ ਸਟੂਡੀਓ ਜਾਣ ਦੀ ਲੋੜ ਨਹੀਂ ਪਵੇਗੀ।
ਨਵੇਂ ਸਿਸਟਮ ਤਹਿਤ ਅਰਜ਼ੀਕਾਰ ਆਪਣੇ ਸਮਾਰਟਫੋਨ, ਟੈਬਲੈਟ ਜਾਂ ਕੰਪਿਊਟਰ ਨਾਲ ਘਰ ਬੈਠੇ ਪਾਸਪੋਰਟ ਫੋਟੋ ਖਿੱਚ ਕੇ ਅਪਲੋਡ ਕਰ ਸਕਣਗੇ। ਫੇਸ਼ਲ ਰਿਕੋਗਨੀਸ਼ਨ ਤਕਨਾਲੋਜੀ ਤੁਰੰਤ ਜਾਂਚ ਕਰੇਗੀ ਕਿ ਫੋਟੋ ਸਰਕਾਰੀ ਮਾਪਦੰਡਾਂ ਅਨੁਸਾਰ ਹੈ ਜਾਂ ਨਹੀਂ ਅਤੇ ਪਛਾਣ ਦੀ ਪੁਸ਼ਟੀ ਵੀ ਕਰੇਗੀ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪਾਸਪੋਰਟ ਅਰਜ਼ੀ ਪ੍ਰਕਿਰਿਆ ਨੂੰ ਤੇਜ਼, ਸੁਵਿਧਾਜਨਕ ਅਤੇ ਪੂਰੀ ਤਰ੍ਹਾਂ ਡਿਜ਼ੀਟਲ ਬਣਾਉਣਾ ਹੈ, ਜਿਸ ਨਾਲ ਲੋਕਾਂ ਦਾ ਸਮਾਂ ਅਤੇ ਖਰਚਾ ਦੋਵੇਂ ਬਚਣਗੇ।
ਹਾਲਾਂਕਿ ਇਹ ਸਿਸਟਮ ਅਜੇ ਟੈਸਟਿੰਗ ਅਤੇ ਵਿਕਾਸ ਦੇ ਪੜਾਅ ਵਿਚ ਹੈ ਅਤੇ ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਤਾਰੀਖ ਜਾਰੀ ਨਹੀਂ ਕੀਤੀ ਗਈ। ਮੌਜੂਦਾ ਸਮੇਂ ਲਈ ਪਾਸਪੋਰਟ ਫੋਟੋਆਂ ਸਬੰਧੀ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ।