#AMERICA

ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਲਈ 10 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ

ਵਾਸ਼ਿੰਗਟਨ/ਤੇਹਰਾਨ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੇ ਈਰਾਨ ਦੇ ਸਾਰੇ ਬੰਦਰਗਾਹਾਂ ਦੀ ਨਾਕਾਬੰਦੀ ਲਾਗੂ ਕਰਨ ਲਈ 10,000 ਤੋਂ ਵੱਧ ਜਲ ਸੈਨਾ ਦੇ ਜਵਾਨ, ਮਰੀਨ ਅਤੇ ਏਅਰਮੈਨ ਤਾਇਨਾਤ ਕਰ ਦਿੱਤੇ ਹਨ। ਇਸ ਮਿਸ਼ਨ ਤਹਿਤ ਸਮੁੰਦਰ ਵਿਚ ਇੱਕ ਦਰਜਨ ਤੋਂ ਵੱਧ ਜੰਗੀ ਜਹਾਜ਼ ਅਤੇ ਆਸਮਾਨ ਵਿਚ ਦਰਜਨਾਂ ਲੜਾਕੂ ਜਹਾਜ਼ ਤਾਇਨਾਤ ਕੀਤੇ ਗਏ ਹਨ, ਤਾਂ ਜੋ ਈਰਾਨ ‘ਤੇ ਆਰਥਿਕ ਦਬਾਅ ਵਧਾਇਆ ਜਾ ਸਕੇ।
ਅਮਰੀਕੀ ਸੈਂਟਰਲ ਕਮਾਂਡ (CENTCOM) ਅਨੁਸਾਰ, ਨਾਕਾਬੰਦੀ ਦੇ ਪਹਿਲੇ 24 ਘੰਟਿਆਂ ਦੌਰਾਨ ਕੋਈ ਵੀ ਜਹਾਜ਼ ਅਮਰੀਕੀ ਘੇਰੇ ਨੂੰ ਪਾਰ ਨਹੀਂ ਕਰ ਸਕਿਆ। ਇਸ ਦੌਰਾਨ 6 ਮਾਲਵਾਹਕ ਜਹਾਜ਼ਾਂ ਨੂੰ ਅਮਰੀਕੀ ਫੌਜ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਾਪਸ ਓਮਾਨ ਦੀ ਖਾੜੀ ਸਥਿਤ ਈਰਾਨੀ ਬੰਦਰਗਾਹਾਂ ਵੱਲ ਮੁੜਨਾ ਪਿਆ। ਅਮਰੀਕਾ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਈਰਾਨੀ ਬੰਦਰਗਾਹਾਂ ਨਾਲ ਵਪਾਰ ਕਰਨ ਵਾਲੇ ਜਹਾਜ਼ਾਂ ਨੂੰ ਸਮੁੰਦਰ ਵਿਚ ਡੁਬੋ ਦਿੱਤਾ ਜਾਵੇਗਾ।
ਇਸ ਨਾਕਾਬੰਦੀ ਦਾ ਮੁੱਖ ਉਦੇਸ਼ ਈਰਾਨੀ ਬੰਦਰਗਾਹਾਂ ਜਿਵੇਂ ਕਿ ਬੰਦਰ ਅੱਬਾਸ, ਬੁਸ਼ਹਿਰ ਅਤੇ ਚਾਬਹਾਰ ਵਿਚ ਆਉਣ-ਜਾਣ ਵਾਲੇ ਜਹਾਜ਼ਾਂ ਨੂੰ ਰੋਕਣਾ ਹੈ, ਤਾਂ ਜੋ ਈਰਾਨ ਦਾ ਤੇਲ ਨਿਰਯਾਤ ਪੂਰੀ ਤਰ੍ਹਾਂ ਠੱਪ ਕੀਤਾ ਜਾ ਸਕੇ। ਹਾਲਾਂਕਿ, ਹੋਰਮੁਜ਼ ਜਲਡਮਰੂਮੱਧ ਉਨ੍ਹਾਂ ਜਹਾਜ਼ਾਂ ਲਈ ਖੁੱਲ੍ਹਾ ਰਹੇਗਾ, ਜੋ ਸਾਊਦੀ ਅਰਬ, ਯੂ.ਏ.ਈ., ਕੁਵੈਤ ਅਤੇ ਕਤਰ ਵਰਗੇ ਗੈਰ-ਈਰਾਨੀ ਬੰਦਰਗਾਹਾਂ ਵੱਲ ਜਾ ਰਹੇ ਹਨ।
ਅਮਰੀਕਾ ਨੇ ਇਸ ਮੁਹਿੰਮ ਵਿਚ ਐੱਫ-35 ਬੀ ਫਾਈਟਰ ਜੈੱਟ, ਏਅਰਕ੍ਰਾਫਟ ਕੈਰੀਅਰ, ਅਤੇ ਗਾਈਡਡ ਮਿਜ਼ਾਈਲ ਡਿਸਟ੍ਰੋਇਰ ਵਰਗੀ ਵੱਡੀ ਫੌਜੀ ਤਾਕਤ ਝੋਕ ਦਿੱਤੀ ਹੈ। CENTCOM ਅਨੁਸਾਰ, ਇਹ ਨਾਕਾਬੰਦੀ ਸਾਰੇ ਦੇਸ਼ਾਂ ਦੇ ਜਹਾਜ਼ਾਂ ‘ਤੇ ਬਰਾਬਰ ਲਾਗੂ ਹੈ।
ਇਸ ਤਣਾਅ ਦੇ ਵਿਚਕਾਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਵਿਚ ਪਾਕਿਸਤਾਨ ਵਿਚ ਇੱਕ ਵਾਰ ਫਿਰ ਸ਼ਾਂਤੀ ਵਾਰਤਾ ਹੋ ਸਕਦੀ ਹੈ। ਪਾਕਿਸਤਾਨ ਨੇ ਵੀ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਦੇ ਦੂਜੇ ਦੌਰ ਦਾ ਪ੍ਰਸਤਾਵ ਰੱਖਿਆ ਹੈ। ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਨੁਸਾਰ ਈਰਾਨ ਨਾਲ ਗੱਲਬਾਤ ਵਿਚ ਕੁਝ ਪ੍ਰਗਤੀ ਹੋਈ ਹੈ ਅਤੇ ਉਹ ਕਿਸੇ ਸਮਝੌਤੇ ਦੀ ਇੱਛਾ ਰੱਖਦੇ ਹਨ।