ਵਾਸ਼ਿੰਗਟਨ, 19 ਜੁਲਾਈ (ਪੰਜਾਬ ਮੇਲ) – ਅਮਰੀਕੀ ਵਿਦੇਸ਼ ਮੰਤਰਾਲੇ (U.S. Department of State) ਨੇ ਇਮੀਗ੍ਰੈਂਟ (Immigrant Visa) ਅਤੇ ਨਾਨ-ਇਮੀਗ੍ਰੈਂਟ (Nonimmigrant Visa) ਵੀਜ਼ਾ ਬਿਨੈਕਾਰਾਂ ਲਈ ਇੰਟਰਵਿਊ ਸਬੰਧੀ ਨਵੇਂ ਅਤੇ ਹੋਰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 15 ਜੁਲਾਈ ਨੂੰ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ਅਨੁਸਾਰ ਹੁਣ ਜ਼ਿਆਦਾਤਰ ਬਿਨੈਕਾਰਾਂ ਨੂੰ ਆਪਣਾ ਵੀਜ਼ਾ ਇੰਟਰਵਿਊ ਆਪਣੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ਵਿੱਚ ਹੀ ਦੇਣਾ ਹੋਵੇਗਾ। ਸਿਰਫ਼ ਮਾਨਵਤਾਵਾਦੀ, ਮੈਡੀਕਲ ਐਮਰਜੈਂਸੀ, ਕੂਟਨੀਤਿਕ ਜਾਂ ਅਮਰੀਕੀ ਵਿਦੇਸ਼ ਨੀਤੀ ਨਾਲ ਜੁੜੇ ਵਿਸ਼ੇਸ਼ ਮਾਮਲਿਆਂ ਵਿੱਚ ਹੀ ਛੋਟ ਦਿੱਤੀ ਜਾਵੇਗੀ।
ਇਹ ਨਵੇਂ ਨਿਯਮ ਟੂਰਿਸਟ (B1/B2), ਵਿਦਿਆਰਥੀ (F-1), ਐਕਸਚੇਂਜ (J-1), ਵਰਕ ਵੀਜ਼ਾ (H-1B) ਅਤੇ ਇਮੀਗ੍ਰੈਂਟ ਵੀਜ਼ਾ ਸਮੇਤ ਲਗਭਗ ਸਾਰੀਆਂ ਮੁੱਖ ਵੀਜ਼ਾ ਸ਼੍ਰੇਣੀਆਂ ’ਤੇ ਲਾਗੂ ਹੋਣਗੇ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਇੱਕੋ ਜਿਹੇ ਮਾਪਦੰਡਾਂ ਅਨੁਸਾਰ ਚਲਾਉਣਾ ਹੈ।
ਇਮੀਗ੍ਰੈਂਟ ਵੀਜ਼ਾ ਮਾਮਲਿਆਂ ਵਿੱਚ ਨੈਸ਼ਨਲ ਵੀਜ਼ਾ ਸੈਂਟਰ (NVC) ਹੁਣ ਇੰਟਰਵਿਊ ਬਿਨੈਕਾਰ ਦੇ ਰਿਹਾਇਸ਼ ਵਾਲੇ ਦੇਸ਼ ਜਾਂ ਉਸ ਦੀ ਬੇਨਤੀ ’ਤੇ ਨਾਗਰਿਕਤਾ ਵਾਲੇ ਦੇਸ਼ ਵਿੱਚ ਤੈਅ ਕਰੇਗਾ। ਜੇ ਕਿਸੇ ਬਿਨੈਕਾਰ ਦੀ ਇੰਟਰਵਿਊ ਪਹਿਲਾਂ ਹੀ ਨਿਰਧਾਰਤ ਹੋ ਚੁੱਕੀ ਹੈ ਤਾਂ ਉਹ ਆਮ ਤੌਰ ’ਤੇ ਰੱਦ ਨਹੀਂ ਕੀਤੀ ਜਾਵੇਗੀ। ਪਰ ਜੇ ਕੋਈ ਬਿਨੈਕਾਰ ਬਾਅਦ ਵਿੱਚ ਇੰਟਰਵਿਊ ਦੀ ਥਾਂ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਸਿੱਧਾ NVC ਨਾਲ ਸੰਪਰਕ ਕਰਨਾ ਪਵੇਗਾ। ਸਿਰਫ਼ ਦੂਤਾਵਾਸ ਨਾਲ ਸੰਪਰਕ ਕਰਨ ਨਾਲ ਕੇਸ ਟਰਾਂਸਫਰ ਨਹੀਂ ਹੋਵੇਗਾ।
ਵਿਦੇਸ਼ ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਬਿਨੈਕਾਰ ਆਪਣੇ ਨਿਰਧਾਰਤ ਕੌਂਸਲਰ ਜ਼ਿਲ੍ਹੇ ਜਾਂ ਦੇਸ਼ ਤੋਂ ਇਲਾਵਾ ਕਿਸੇ ਹੋਰ ਥਾਂ ਇੰਟਰਵਿਊ ਦੀ ਮੰਗ ਕਰਦਾ ਹੈ ਤਾਂ ਉਸ ਤੋਂ ਵਾਧੂ ਦਸਤਾਵੇਜ਼ ਮੰਗੇ ਜਾ ਸਕਦੇ ਹਨ, ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਹ ਉੱਥੇ ਕਾਨੂੰਨੀ ਤੌਰ ’ਤੇ ਰਹਿ ਰਿਹਾ ਹੈ ਜਾਂ ਉਸ ਨੂੰ ਵਿਸ਼ੇਸ਼ ਛੋਟ ਦੇਣ ਦਾ ਜਾਇਜ਼ ਕਾਰਨ ਹੈ।
ਨਾਨ-ਇਮੀਗ੍ਰੈਂਟ ਵੀਜ਼ਾ ਬਿਨੈਕਾਰਾਂ ਲਈ ਵੀ ਇਹੀ ਨਿਯਮ ਲਾਗੂ ਹੋਵੇਗਾ। ਜੇ ਕੋਈ ਵਿਅਕਤੀ ਆਪਣੇ ਦੇਸ਼ ਜਾਂ ਨਿਰਧਾਰਤ ਪ੍ਰੋਸੈਸਿੰਗ ਪੋਸਟ ਤੋਂ ਇਲਾਵਾ ਕਿਸੇ ਹੋਰ ਦੂਤਾਵਾਸ ਵਿੱਚ ਇੰਟਰਵਿਊ ਬੁੱਕ ਕਰਦਾ ਹੈ ਤਾਂ ਉਸ ਨੂੰ ਲੰਬੇ ਇੰਤਜ਼ਾਰ, ਵਾਧੂ ਜਾਂਚ ਅਤੇ ਵੀਜ਼ਾ ਮਨਜ਼ੂਰੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਭਰੀ ਗਈ ਵੀਜ਼ਾ ਫੀਸ ਨਾ ਤਾਂ ਵਾਪਸ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਹੋਰ ਦੂਤਾਵਾਸ ਵਿੱਚ ਟਰਾਂਸਫਰ ਹੋਵੇਗੀ।
ਰਿਹਾਇਸ਼ ਦੇ ਆਧਾਰ ’ਤੇ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਉਹ ਉਸ ਦੇਸ਼ ਵਿੱਚ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਜਿਨ੍ਹਾਂ ਦੀਆਂ ਇੰਟਰਵਿਊਆਂ ਪਹਿਲਾਂ ਹੀ ਤੈਅ ਹੋ ਚੁੱਕੀਆਂ ਹਨ, ਉਹ ਆਮ ਤੌਰ ’ਤੇ ਰੱਦ ਨਹੀਂ ਕੀਤੀਆਂ ਜਾਣਗੀਆਂ, ਹਾਲਾਂਕਿ ਕੁਝ ਖਾਸ ਹਾਲਾਤਾਂ ਵਿੱਚ ਦੂਤਾਵਾਸ ਬਿਨੈਕਾਰ ਨੂੰ ਨਵਾਂ ਨੋਟਿਸ ਜਾਰੀ ਕਰ ਸਕਦਾ ਹੈ।
ਇਹ ਨਵੇਂ ਨਿਯਮ A, G, C-2, C-3, NATO ਅਤੇ ਕੁਝ ਕੂਟਨੀਤਿਕ ਜਾਂ ਸਰਕਾਰੀ ਵੀਜ਼ਾ ਸ਼੍ਰੇਣੀਆਂ ’ਤੇ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ, ਭਵਿੱਖ ਦੇ ਡਾਇਵਰਸਿਟੀ ਵੀਜ਼ਾ (DV Lottery) ਬਿਨੈਕਾਰਾਂ ’ਤੇ ਵੀ ਇਹ ਨੀਤੀ ਲਾਗੂ ਕੀਤੀ ਜਾਵੇਗੀ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਰੇ ਵੀਜ਼ਾ ਬਿਨੈਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਇੰਟਰਵਿਊ ਬੁੱਕ ਕਰਨ ਤੋਂ ਪਹਿਲਾਂ ਸੰਬੰਧਿਤ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਦੀ ਵੈੱਬਸਾਈਟ ’ਤੇ ਜਾ ਕੇ ਤਾਜ਼ਾ ਨਿਯਮ, ਇੰਤਜ਼ਾਰ ਦਾ ਸਮਾਂ ਅਤੇ ਲੋੜੀਂਦੇ ਦਸਤਾਵੇਜ਼ ਜ਼ਰੂਰ ਚੈੱਕ ਕਰ ਲੈਣ। ਨਵੇਂ ਨਿਯਮਾਂ ਦਾ ਮਕਸਦ ਵੀਜ਼ਾ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਇਕਸਾਰ ਅਤੇ ਸੁਰੱਖਿਅਤ ਬਣਾਉਣਾ ਦੱਸਿਆ ਗਿਆ ਹੈ।

