#AMERICA

ਅਮਰੀਕਾ ‘ਚ ਦੋ ਥਾਵਾਂ ‘ਤੇ ਗੋਲੀਬਾਰੀ ਵਿਚ ਇਕ ਬੱਚੀ ਸਮੇਤ 8 ਜ਼ਖਮੀ

* ਦੋਨੋਂ ਘਟਨਾਵਾਂ ਆਪਸ ‘ਚ ਜੁੜੀਆਂ ਹੋਈਆਂ ਹਨ; ਪੁਲਿਸ ਦਾ ਦਾਅਵਾ
ਸੈਕਰਾਮੈਂਟੋ, 24 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਸ਼ਿੰਗਟਨ ਡੀ.ਸੀ. ਵਿਚ ਬੀਤੀ ਰਾਤ ਦੋ ਥਾਵਾਂ ‘ਤੇ ਗੋਲੀਬਾਰੀ ਹੋਣ ਦੀ ਖਬਰ ਹੈ, ਜਿਸ ਦੌਰਾਨ ਇਕ 12 ਸਾਲਾਂ ਦੀ ਬੱਚੀ ਸਮੇਤ 8 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਆਪਸ ਵਿਚ ਜੋੜ ਕੇ ਜਾਂਚ ਕਰ ਰਹੀ ਹੈ। ਅਧਿਕਾਰੀਆਂ ਅਨੁਸਾਰ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਫਸਰਾਂ ਨੂੰ ਰਾਤ 10 ਵਜੇ ਦੇ ਆਸਪਾਸ ਜ਼ਿਲ੍ਹੇ ਦੇ ਦੱਖਣ ਪੱਛਮੀ ਚਤੁਰਭੁਜ ਹਿੱਸੇ ਵਿਚ ਗੋਲੀਆਂ ਚਲਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਤੁਰੰਤ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਜਿਥੇ ਉਨ੍ਹਾਂ ਨੂੰ 7 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ। ਹਾਲਾਂਕਿ ਉਨ੍ਹਾਂ ਦੇ ਜ਼ਖਮ ਜਾਨਲੇਵਾ ਨਹੀਂ ਹਨ। ਪੁਲਿਸ ਅਨੁਸਾਰ ਜ਼ਖਮੀਆਂ ਵਿਚੋਂ ਕੁਝ ਤਾਂ ਖੁਦ ਹੀ ਸਥਾਨਕ ਹਸਪਤਾਲ ਵਿਚ ਪਹੁੰਚ ਗਏ। ਪੁਲਿਸ ਅਜੇ ਇਸ ਗੋਲੀਬਾਰੀ ਦਾ ਜਾਇਜ਼ਾ ਹੀ ਲੈ ਰਹੀ ਸੀ, ਤਾਂ ਉਸ ਨੂੰ ਇਥੋਂ ਥੋੜ੍ਹੀ ਦੂਰ ਗੋਲੀ ਚੱਲਣ ਦੀ ਸੂਚਨਾ ਮਿਲੀ, ਜਿਥੇ ਇਕ 12 ਸਾਲਾਂ ਦੀ ਬੱਚੀ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਈ। ਪੁਲਿਸ ਅਨੁਸਾਰ ਬੱਚੀ ਦੀ ਹਾਲਤ ਸਥਿਰ ਹੈ ਤੇ ਉਸ ਦਾ ਜ਼ਖਮ ਵੀ ਚਿੰਤਾਜਨਕ ਨਹੀਂ ਹੈ। ਪੁਲਿਸ ਨੂੰ ਦੋਨਾਂ ਥਾਵਾਂ ਤੋਂ ਕਈ ਕਾਰਤੂਸ ਮਿਲੇ ਹਨ। ਪੁਲਿਸ ਇਕ ਕਾਲੇ ਰੰਗ ਦੀ ਸੇਡਾਨ ਕਾਰ ਜੋ ਸੰਭਾਵੀ ਤੌਰ ਮਰਸੀਡੀਜ਼ ਹੋ ਸਕਦੀ ਹੈ, ਜਿਸ ਵਿਚੋਂ ਲੋਕਾਂ ਨੇ ਗੋਲੀਆਂ ਚੱਲਦੀਆਂ ਵੇਖੀਆਂ ਸਨ, ਦੀ ਭਾਲ ਕਰ ਰਹੀ ਹੈ। ਪੁਲਿਸ ਵਿਭਾਗ ਦੇ ਅਸਿਸਟੈਂਟ ਚੀਫ ਆਂਦਰੇ ਰਾਈਟ ਨੇ ਕਿਹਾ ਹੈ ਕਿ ਅਸੀਂ ਦੋਨਾਂ ਘਟਨਾਵਾਂ ਨੂੰ ਆਪਸ ਵਿਚ ਜੋੜ ਕੇ ਜਾਂਚ ਕਰ ਰਹੇ ਹਾਂ। ਹਾਲਾਂਕਿ ਹੋ ਸਕਦਾ ਹੈ ਕਿ ਅਜਿਹਾ ਨਾ ਹੋਵੇ ਪਰੰਤੂ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਮੈਂ ਕਹਿ ਸਕਦਾ ਹਾਂ ਕਿ ਦੋਨਾਂ ਘਟਨਾਵਾਂ ਦਾ ਆਪਸ ਵਿਚ ਸਬੰਧ ਹੈ।

Leave a comment