ਲੁਧਿਆਣਾ, 20 ਮਈ (ਪੰਜਾਬ ਮੇਲ)- ਮਿਸ ਵਰਲਡ ਪੰਜਾਬਣ ਮੁਕਾਬਲੇ ਕਰਵਾਉਣ ਵਾਲੀ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਵਲੋਂ ਲੋਕ ਕਲਾ ਦੀ ਅਲੋਪ ਹੋ ਰਹੀ ਵੰਨਗੀ ‘ਗੁੱਡੀਆਂ ਪਟੋਲੇ ਹੱਥੀਂ ਬਨਾਉਣ’ ਦਾ ਦੂਸਰਾ ਆਨਲਾਈਨ ਮੁਕਾਬਲਾ ਲੋਕ ਕਲਾਵਾਂ ਦੇ ਮਾਹਰ ਡਾਕਟਰ ਦਵਿੰਦਰ ਕੌਰ ਢੱਟ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਪਹਿਲੇ ਤਿੰਨ ਸਥਾਨ ‘ਤੇ ਆਉਣ ਵਾਲੀਆਂ ‘ਗੁੱਡੀਆਂ’ ਨੂੰ ਕ੍ਰਮਵਾਰ 3100/-, 2100/- ਅਤੇ 1100/- ਰੁਪਏ ਦੇ ਨਗਦ ਇਨਾਮ ਅਤੇ ਖੂਬਸੂਰਤ ਟਰਾਫੀਆਂ ਨਾਲ ਸਨਮਾਨਿਆ ਜਾਵੇਗਾ। ਇਹ ਇਨਾਮ 13 ਜੂਨ 2026 ਨੂੰ ‘ਵਰਲਡ ਡਾਲ ਡੇ’ ਵਾਲੇ ਦਿਨ ਲੁਧਿਆਣਾ ਵਿਖੇ ਇਕ ਸਮਾਗਮ ਸਮੇਂ ਦਿੱਤੇ ਜਾਣਗੇ। ਇਸ ਵਿਲੱਖਣ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਦੱਸਿਆ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਰਹਿਣ ਵਾਲੀ ਕੋਈ ਵੀ ਮੁਟਿਆਰ ਜਿਸਦੀ ਉਮਰ 15 ਤੋਂ 35 ਸਾਲ ਵਿਚਕਾਰ ਹੋਵੇ, ਇਸ ਮੁਕਾਬਲੇ ਵਿਚ ਭਾਗ ਲੈ ਸਕਦੀ ਹੈ, ਜਿਸ ਦੀ ਕੋਈ ਐਂਟਰੀ ਫੀਸ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਗੁੱਡੀ ਜਿਸਦੀ ਉੱਚਾਈ 12 ਤੋਂ 15 ਇੰਚ ਹੋਵੇ ਕੱਪੜੇ, ਲੀਰਾਂ ਅਤੇ ਰੂੰ ਨਾਲ ਬਣੀ ਹੋਵੇ ਸੂਈ ਧਾਗਾ, ਸਿਤਾਰੇ, ਮੋਤੀ, ਗੋਟਾ ਕਿਨਾਰੀ ਵਰਤ ਸਕਦੇ ਹੋ, ਕੋਈ ਵੀ ਬਣਿਆ ਹੋਇਆ ਸਟ੍ਰੱਕਚਰ, ਫੇਸ, ਬੋਤਲ ਅਦਿ ਵਰਤਣ ਦੀ ਮਨਾਹੀ ਹੋਵੇਗੀ। ਗੁੱਡੀ ਬਨਾਉਣ ਤੋਂ ਕੰਪਲੀਟ ਹੋਣ ਤੱਕ ਦੀ ਇਕੋ ਸਿਟਿੰਗ ਦੀ ਪੂਰੀ ਵੀਡੀਓ ਬਣਾਕੇ ਗੁੱਡੀ ਦੀਆਂ ਵੱਖ-ਵੱਖ ਪੋਜਾਂ ਦੀਆਂ ਤਿੰਨ ਤੋਂ ਵੱਧ ਫੋਟੋਆਂ ਨਾਲ ਸਾਡੇ ਵੱਟਸਅਪ ਨੰਬਰ +91-98725-45678 ‘ਤੇ 30 ਮਈ ਤੋਂ ਪਹਿਲਾਂ ਭੇਜੀਆ ਜਾਣ। ਵੀਡੀਓ ਵੱਡੀ ਹੋਣ ‘ਤੇ ਸਪੀਡ ਫਾਸਟ ਕਰਕੇ ਭੇਜੀ ਜਾ ਸਕਦੀ ਹੈ। ਫੋਟੋਆਂ ਅਤੇ ਵੀਡੀਓ ਦੇ ਅਧਾਰ ‘ਤੇ ਜਿਨ੍ਹਾਂ ਗੁੱਡੀਆਂ ਦੀ ਚੋਣ ਹੋਵੇਗੀ, ਉਹ ਗੁੱਡੀਆਂ ਫਾਈਨਲ ਮੁਕਾਬਲੇ ਲਈ ਸਾਡੇ ਅਡਰੈੱਸ ‘ਤੇ 10 ਜੂਨ ਤੋਂ ਪਹਿਲਾ ਪਰਸਨਲ ਜਾਂ ਡਾਕ ਰਾਹੀਂ ਪੁੱਜ ਜਾਣੀਆਂ ਚਾਹੀਦੀਆਂ ਹਨ। ਇਹ ਗੁੱਡੀਆਂ ਵਾਪਸ ਕਰਨ ਯੋਗ ਨਹੀਂ ਹੋਣਗੀਆਂ।
ਹੱਥੀਂ ਬਨਾਉਣ ”ਗੁੱਡੀਆਂ ਪਟੋਲੇ” ਦਾ ਦੂਸਰਾ ਆਨਲਾਈਨ ਮੁਕਾਬਲਾ

