#OTHERS

ਹਾਕੀ ਜੂਨੀਅਰ ਵਿਸ਼ਵ ਕੱਪ: ਭਾਰਤ ਦਾ ਦੱਖਣੀ ਕੋਰੀਆ ਨਾਲ ਹੋਵੇਗਾ ਸ਼ੁਰੂਆਤੀ ਮੁਕਾਬਲਾ

-ਮਲੇਸ਼ੀਆ ‘ਚ 5 ਤੋਂ 16 ਦਸੰਬਰ ਤੱਕ ਹੋਵੇਗਾ ਟੂਰਨਾਮੈਂਟ
-ਗਰੁੱਪ-ਸੀ ਵਿਚ ਭਾਰਤ ਨਾਲ ਦੱਖਣੀ ਕੋਰੀਆ, ਸਪੇਨ ਤੇ ਕੈਨੇਡਾ ਸ਼ਾਮਲ
ਕੁਆਲਾਲੰਪੁਰ, 24 ਜੂਨ (ਪੰਜਾਬ ਮੇਲ)- ਭਾਰਤ ਐੱਫ.ਆਈ.ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ-2023 ਦੇ ਸ਼ੁਰੂਆਤੀ ਦਿਨ 5 ਦਸੰਬਰ ਨੂੰ ਗਰੁੱਪ ਸੀ ਵਿਚ ਦੱਖਣੀ ਕੋਰੀਆ ਖ਼ਿਲਾਫ਼ ਆਪਣੀ ਮੁਹਿੰਮ ਦਾ ਆਗਾਜ਼ ਕਰੇਗਾ। ਟੂਰਨਾਮੈਂਟ 5 ਤੋਂ 16 ਦਸੰਬਰ ਤੱਕ ਮਲੇਸ਼ੀਆ ਦੇ ਬੁਕਤ ਜਲੀਲ ਕੌਮੀ ਹਾਕੀ ਸਟੇਡੀਅਮ ‘ਚ ਹੋਵੇਗਾ। ਭਾਰਤੀ ਟੀਮ ਨੂੰ ਟੂਰਨਾਮੈਂਟ ਵਿਚ ਗਰੁੱਪ-ਸੀ ‘ਚ ਰੱਖਿਆ ਗਿਆ ਹੈ, ਜਿਸ ਵਿਚ ਉਸ ਨਾਲ ਦੱਖਣੀ ਕੋਰੀਆ ਤੋਂ ਇਲਾਵਾ ਸਪੇਨ ਅਤੇ ਕੈਨੇਡਾ ਸ਼ਾਮਲ ਹਨ। ਭਾਰਤ ਦਾ ਸਪੇਨ ਨਾਲ ਮੁਕਾਬਲਾ 7 ਦਸੰਬਰ ਨੂੰ ਅਤੇ ਕੈਨੇਡਾ ਨੂੰ ਨਾਲ 9 ਦਸੰਬਰ ਨੂੰ ਹੋਵੇਗਾ। ਅੱਜ ਇੱਥੇ ਪੁਤਰਜਯਾ ਦੇ ਇੱਕ ਹੋਟਲ ‘ਚ ਸਮਾਗਮ ਦੌਰਾਨ ਅਧਿਕਾਰਤ ਤੌਰ ‘ਤੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਜਾਰੀ ਸ਼ਡਿਊਲ ਮੁਤਾਬਕ ਗਰੁੱਪ-ਏ ਵਿਚ ਮੇਜ਼ਬਾਨ ਮਲੇਸ਼ੀਆ ਨਾਲ ਅਰਜਨਟੀਨਾ, ਆਸਟਰੇਲੀਆ ਅਤੇ ਚਿੱਲੀ ਨੂੰ ਰੱਖਿਆ ਗਿਆ, ਜਦਕਿ ਗਰੁੱਪ-ਬੀ ਵਿਚ ਜਰਮਨੀ, ਫਰਾਂਸ, ਦੱਖਣੀ ਅਫਰੀਕਾ ਤੇ ਮਿਸਰ ਸ਼ਾਮਲ ਹਨ। ਗਰੁੱਪ-ਡੀ ਵਿਚ ਨੈਂਦਰਲੈਂਡਸ, ਬੈਲਜੀਅਮ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ।

Leave a comment