ਵੈਨਕੂਵਰ, 12 ਅਕਤੂਬਰ (ਪੰਜਾਬ ਮੇਲ)-ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਕਿਹਾ ਹੈ ਕਿ ਇਜ਼ਰਾਈਲ ਵਿਚ ਹਮਾਸ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਕਾਰਨ ਤਿੰਨ ਕੈਨੇਡੀਅਨ ਨਾਗਰਿਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉੱਥੇ ਰਹਿੰਦੇ ਕੈਨੇਡੀਅਨ ਲੋਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਛੇਤੀ ਹੀ ਏਅਰਫੋਰਸ ਦੇ ਜਹਾਜ਼ ਇਜ਼ਰਾਈਲ ਭੇਜੇ ਜਾਣਗੇ। ਇਹ ਜਹਾਜ਼ ਲੋਕਾਂ ਨੂੰ ਤਲ ਅਵੀਵ ਤੋਂ ਏਥਨਜ਼ ਪਹੁੰਚਾਉਣਗੇ, ਜਿਥੋਂ ਲੋਕਾਂ ਨੂੰ ਏਅਰ ਕੈਨੇਡਾ ਰਾਹੀਂ ਵਾਪਸ ਦੇਸ਼ ਲਿਆਂਦਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਜੋ ਲੋਕ ਕਿਸੇ ਕਾਰਨ ਤਲ ਅਵੀਵ ਪਹੁੰਚਣ ਤੋਂ ਅਸਮਰੱਥ ਹਨ, ਉਨ੍ਹਾਂ ਲਈ ਹੋਰ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਜ਼ਰਾਈਲ ਵਿਚ ਫਸੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਆਪਣੇ ਨਾਗਰਿਕਾਂ ਲਈ ਚਿੰਤਤ ਹੈ ਤੇ ਉਨ੍ਹਾਂ ਦੇ ਵਾਪਸੀ ਲਈ ਹਰ ਸੰਭਵ ਯਤਨ ਕਰ ਰਹੀ ਹੈ।