ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਿਖਲਾਈ ਸੈਂਟਰ (ਸਿਲਾਈ, ਕੰਪਿਊਟਰ, ਬਿਊਟੀ ਪਾਰਲਰ) ਖੋਲ੍ਹੇ ਜਾ ਰਹੇ ਹਨ, ਤਾਂ ਜੋ ਇਹ ਨੌਜਵਾਨ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਨਾਨਕ ਨਿਵਾਸ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਲੜਕੀਆਂ ਨੂੰ ਸਿਲਾਈ ਸਿਖਾਉਣ ਲਈ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਖੋਲ੍ਹਿਆ ਗਿਆ ਹੈ। ਇਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ ਅਤੇ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾਕਟਰ ਓਬਰਾਏ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਅਜਿਹੇ 8 ਮੁਫ਼ਤ ਸਿਖਲਾਈ ਸੈਂਟਰ ਚੱਲ ਰਹੇ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਇਸ ਦਾ ਲਾਹਾ ਲੈ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਹੋ ਗਏ ਹਨ। ਇਸ ਮੌਕੇ ਮਾਸਟਰ ਰਜਿੰਦਰ ਸਿੰਘ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ., ਮੈਡਮ ਵੀਰਪਾਲ ਕੌਰ ਹਾਜ਼ਰ ਸਨ।
ਸੰਨੀ ਓਬਰਾਏ ਸਵੈ ਰੋਜ਼ਗਾਰ ਸਕੀਮ ਤਹਿਤ ਖੋਲ੍ਹੇ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਦਾ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ੁਭ ਆਰੰਭ
