#INDIA

ਸਿੱਖ ਕਤਲੇਆਮ: ਜੀ.ਕੇ. ਤੇ ਟਾਈਟਲਰ ਖ਼ਿਲਾਫ਼ ਜਬਰੀ ਸ਼ਿਕਾਇਤਕਰਤਾ ਬਣਨ ਦੇ ਦੋਸ਼

-ਜੀ.ਕੇ. ਮਾਣਹਾਨੀ ਮਾਮਲੇ ‘ਚ ਸਿਰਸਾ, ਕਾਲਕਾ ਅਤੇ ਕਾਹਲੋਂ ਨੂੰ ਸੰਮਨ
ਨਵੀਂ ਦਿੱਲੀ, 1 ਜੁਲਾਈ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. 1984 ਦੇ ਸਿੱਖ ਕਤਲੇਆਮ ਮਾਮਲੇ ‘ਚ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਵਿਚ ਜਬਰੀ ਸ਼ਿਕਾਇਤਕਰਤਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਅੱਜ ਇਥੇ ਜਗਦੀਸ਼ ਟਾਈਟਲਰ ਖ਼ਿਲਾਫ਼ ਰਾਊਜ਼ ਐਵੇਨਿਊ ਅਦਾਲਤ ‘ਚ ਮਾਮਲੇ ਦੀ ਸੁਣਵਾਈ ਮਗਰੋਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਵੱਲੋਂ ਵਾਰ-ਵਾਰ ਅਦਾਲਤ ‘ਚ ਖ਼ੁਦ ਨੂੰ ਸ਼ਿਕਾਇਤਕਰਤਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਦਾ ਅਦਾਲਤ ਨੇ ਗੰਭੀਰ ਨੋਟਿਸ ਲਿਆ ਹੈ।
ਉਨ੍ਹਾਂ ਦੱਸਿਆ ਕਿ ਜੱਜ ਨੇ ਜੀ.ਕੇ. ਨੂੰ ਸਪੱਸ਼ਟ ਕਿਹਾ ਕਿ ਉਹ ਜ਼ਬਰਦਸਤੀ ਸ਼ਿਕਾਇਤਕਰਤਾ ਨਹੀਂ ਬਣ ਸਕਦੇ। ਜੇਕਰ ਸੀ.ਬੀ.ਆਈ. ਨੂੰ ਉਨ੍ਹਾਂ ਦੀ ਗਵਾਹੀ ਦੀ ਲੋੜ ਹੋਈ, ਤਾਂ ਉਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੱਜ ਨੇ ਕੜਕੜਡੂਮਾ ਅਦਾਲਤ ‘ਚ ਕੇਸ ਦਾ ਰਿਕਾਰਡ ਤਲਬ ਕਰ ਕੇ ਮਾਮਲੇ ਦੀ ਸੁਣਵਾਈ 6 ਜੁਲਾਈ ਲਈ ਮੁਲਤਵੀ ਕਰ ਦਿੱਤੀ।
ਡੀ.ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਬਿਨਾਂ ਸਬੂਤਾਂ ਤੋਂ ਅਪਸ਼ਬਦ ਕਹਿਣ ‘ਤੇ ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮਾਣਹਾਨੀ ਦੇ ਦੋਸ਼ਾਂ ਤਹਿਤ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਸੰਮਨ ਜਾਰੀ ਕੀਤੇ ਹਨ। ਜੀ.ਕੇ. ਵੱਲੋਂ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਉਕਤ ਵਿਅਕਤੀਆਂ ਨੇ ਸਿਆਸੀ ਅਤੇ ਨਿੱਜੀ ਫਾਇਦੇ ਲੈਣ ਦੀ ਕੋਸ਼ਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਹੁਣ ਤਿੰਨੋਂ ਮੁਲਜ਼ਮਾਂ ਕੋਲ ਅਦਾਲਤ ‘ਚ ਝੂਠੇ ਬਿਆਨਾਂ ਲਈ ਮੁਆਫ਼ੀ ਮੰਗਣ ਜਾਂ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਨ ਕਰੇ ਕੇ ਸਜ਼ਾ ਭੁਗਤਣ ਦਾ ਰਾਹ ਹੀ ਬਚਿਆ ਹੈ।

Leave a comment