ਸਿਨਸਿਨਾਟੀ (ਓਹਾਇਓ), 12 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਾਲਾਨਾ ਸਿੱਖ ਯੂਥ ਸਿੰਪੋਜ਼ੀਅਮ 2023 ਸੰਬੰਧੀ ਸਥਾਨਕ ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਆਯੋਜਿਤ ਕੀਤੇ ਗਏ। ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਪ੍ਰੋਗਰਾਮ ਵਿਚ 6 ਸਾਲ ਤੋਂ ਲੈ ਕੇ 20 ਸਾਲ ਤੱਕ ਦੇ 42 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਸਿੰਪੋਜ਼ੀਅਮ ਲਈ ਸਥਾਨਕ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ।
ਸਿੰਪੋਜ਼ੀਅਮ ਦੀ ਆਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਸਾਲ 2006 ਤੋਂ ਬਤੌਰ ਸਥਾਨਕ ਕਨਵੀਤਰ ਦੀ ਸੇਵਾ ਨਿਭਾ ਚੁੱਕੇ ਸ. ਹਰਜਿੰਦਰ ਸਿੰਘ ਜੀ ਨੇ ਭਾਗ ਲੈਣ ਵਾਲੇ ਨੌਜਵਾਨਾਂ, ਪਰਿਵਾਰਕ ਅਤੇ ਸੰਗਤ ਮੈਂਬਰਾਂ ਨੂੰ ਇਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਸਿੰਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਨ੍ਹਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ।
ਇਸ ਮੌਕੇ ਉਨ੍ਹਾਂ ਦੇ ਸਪੁੱਤਰ ਜੈਪਾਲ ਸਿੰਘ ਨੂੰ ਵੀ ਯਾਦ ਕੀਤਾ ਗਿਆ, ਜੋ ਕਿ ਪਿਛਲੇ ਸਾਲ ਮਈ 2022 ਨੂੰ 42 ਸਾਲ ਦੀ ਉਮਰ ਵਿਚ ਕੈਂਸਰ ਦੀ ਬੀਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਵਲੋਂ ਸਾਲ 2006 ਤੋਂ ਸ਼ੁਰੂ ਕੀਤੇ ਗਏ ਸਥਾਨਕ ਸਿੰਪੋਜ਼ੀਅਮ ਲਈ ਹਰ ਸਾਲ ਯੂਥ ਨੂੰ ਬਹੁਤ ਮਿਹਨਤ ਨਾਲ ਤਿਆਰੀ ਕਰਵਾਈ ਜਾਂਦੀ ਸੀ। ਉਨ੍ਹਾਂ ਵਲੋਂ ਲਗਾਏ ਗਏ ਬੂਟੇ ਦਾ ਹੀ ਨਤੀਜਾ ਹੈ ਕਿ ਮੰਚ ਦਾ ਸੰਚਾਲਨ ਅਤੇ ਹੋਰ ਸੇਵਾਵਾਂ ਉਨ੍ਹਾਂ ਨੌਜਵਾਨਾਂ ਵਲੋਂ ਹੀ ਕੀਤੀਆਂ ਗਈਆਂ, ਜੋ ਪਹਿਲਾਂ ਇਨ੍ਹਾਂ ਵਿਚ ਭਾਗ ਲੈਂਦੇ ਰਹੇ ਹਨ।
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਉਨ੍ਹਾਂ ਦੇ ਮਾਤਾ-ਪਿਤਾ, ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਸਿੰਪੋਜ਼ੀਅਮ ਅਤੇ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ।