#PUNJAB

ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਅਤੇ ਟਰੇਸੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ਿਤ ਕਰਨ ਦਾ ਫੈਸਲਾ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ‘ਚ ਆਪਣੀ ਪ੍ਰੈੱਸ ਸਥਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੈੱਸ ਕੈਲੀਫੋਰਨੀਆ ਦੇ ਟਰੇਸੀ ਸ਼ਹਿਰ ‘ਚ ਲਗਾਈ ਜਾਵੇਗੀ, ਜਿੱਥੇ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕੇਂਦਰ ਵੀ ਕਾਰਜਸ਼ੀਲ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਦੇ ਯੂਬਾ ਸਿਟੀ ਵਿਖੇ ਵੀ ਧਰਮ ਪ੍ਰਚਾਰ ਕੇਂਦਰ ਬਣਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਇਹ ਫ਼ੈਸਲਾ ਕੀਤਾ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਵ. ਦੀਦਾਰ ਸਿੰਘ ਬੈਂਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਯੂਬਾ ਸਿਟੀ ਵਿਖੇ 14.5 ਏਕੜ ਜ਼ਮੀਨ ਦਿੱਤੀ ਗਈ ਸੀ, ਜਿੱਥੇ ਧਰਮ ਪ੍ਰਚਾਰ ਕੇਂਦਰ ਬਣਾ ਕੇ ਗਤੀਵਿਧੀਆਂ ਆਰੰਭੀਆਂ ਜਾਣਗੀਆਂ। ਇਸ ਦੇ ਨਾਲ ਹੀ ਪ੍ਰਵਾਸੀ ਸਿੱਖ ਗਿਆਨ ਸਿੰਘ ਸੰਧੂ ਕੈਨੇਡਾ ਅਤੇ ਉੱਘੇ ਕਾਰੋਬਾਰੀ ਕਰਨੈਲ ਸਿੰਘ ਸੰਧੂ ਅਮਰੀਕਾ ਵੱਲੋਂ ਕੀਤੀ ਗਈ ਪੇਸ਼ਕਸ਼ ਅਨੁਸਾਰ ਕੈਲੀਫੋਰਨੀਆ ਦੇ ਟਰੇਸੀ ਵਿਖੇ ਵੀ ਸ਼੍ਰੋਮਣੀ ਕਮੇਟੀ ਦਾ ਇਕ ਕੇਂਦਰ ਸਥਾਪਤ ਕੀਤਾ ਜਾਵੇਗਾ। ਇਸ ਕੇਂਦਰ ਵਿਖੇ ਅਮਰੀਕਾ, ਕੈਨੇਡਾ ਦੀ ਸੰਗਤ ਵੱਲੋਂ ਪੁੱਜਦੀ ਮੰਗ ਅਨੁਸਾਰ ਪਾਵਨ ਸਰੂਪ ਮੁਹੱਈਆ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਵੀ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਕੇਂਦਰਾਂ ‘ਚ ਗੁਰਦੁਆਰਾ ਸਾਹਿਬਾਨ ਵੀ ਸਥਾਪਤ ਕੀਤੇ ਜਾਣਗੇ ਅਤੇ ਸੰਗਤ ਨੂੰ ਧਾਰਮਿਕ ਸਾਹਿਤ ਵੀ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਸਟ੍ਰੇਲੀਆ ਵਿਖੇ ਸੰਗਤ ਦੀ ਮੰਗ ਅਨੁਸਾਰ ਵਿਸ਼ੇਸ਼ ਬੱਸ ‘ਚ ਮਰਿਯਾਦਾ ਅਨੁਸਾਰ ਸੁਸ਼ੋਭਿਤ ਕਰਕੇ 220 ਪਾਵਨ ਸਰੂਪ ਸਮੁੰਦਰੀ ਜਹਾਜ਼ ਰਾਹੀਂ ਭੇਜੇ ਜਾਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਵਿਸ਼ਵ ਭਰ ਦੀ ਸੰਗਤ ਵੱਲੋਂ ਪਾਵਨ ਸਰੂਪਾਂ ਦੀ ਵੱਡੀ ਮੰਗ ਦੇ ਮੱਦੇਨਜ਼ਰ ਇਹ ਫ਼ੈਸਲੇ ਕੀਤੇ ਗਏ ਹਨ।

Leave a comment