ਅੰਮ੍ਰਿਤਸਰ, 23 ਅਗਸਤ (ਪੰਜਾਬ ਮੇਲ)- ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਵੈਬ ਚੈਨਲ ਨੂੰ ਯੂਟਿਊਬ ਵੱਲੋਂ ‘ਸਿਲਵਰ ਬਟਨ ਯੂਟਿਊਬ ਕ੍ਰੀਏਟਰ ਐਵਾਰਡ’ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਫ਼ਲਤਾ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸੰਗਤ ਦਾ ਧੰਨਵਾਦ ਕੀਤਾ ਹੈ। ਯੂਟਿਊਬ ਅਦਾਰੇ ਵੱਲੋਂ ਇਹ ਐਵਾਰਡ ਬੀਤੇ ਦਿਨੀਂ ਅਮਰੀਕਾ ਤੋਂ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ, ਜੋ ਸ਼੍ਰੋਮਣੀ ਕਮੇਟੀ ਦੀ ਤਕਨੀਕੀ ਟੀਮ ਤੇ ਅਧਿਕਾਰੀਆਂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ।
ਧਾਮੀ ਨੇ ਕਿਹਾ ਕਿ ਇਸ ਚੈਨਲ ਨੂੰ ਸੰਗਤ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਗੁਰਬਾਣੀ ਕੀਰਤਨ ਪ੍ਰਸਾਰਨ ਸੇਵਾਵਾਂ ਨੂੰ ਹੋਰ ਸੁਹਿਰਦਤਾ ਨਾਲ ਜਾਰੀ ਰੱਖਣ ਲਈ ਉਤਸ਼ਾਹ ਮਿਲਦਾ ਹੈ। ਯੂਟਿਊਬ ਵੱਲੋਂ ਇਹ ਐਵਾਰਡ ਇਕ ਲੱਖ ਫਾਲੋਅਰ ਹੋਣ ’ਤੇ ਦਿੱਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਮਹੀਨੇ ਆਪਣਾ ਵੈ¤ਬ ਚੈਨਲ ਸ਼ੁਰੂ ਕੀਤਾ ਗਿਆ ਸੀ ਅਤੇ ਕੁਝ ਹੀ ਦਿਨਾਂ ਵਿਚ ਇਸ ਦੇ ਇਕ ਲੱਖ ਤੋਂ ਵੱਧ ਫਾਲੋਅਰ ਬਣ ਗਏ ਸਨ। ਇਸ ਵੇਲੇ ਇਸ ਚੈਨਲ ਨੂੰ ਦੇਖਣ ਵਾਲਿਆਂ ਦੀ ਗਿਣਤੀ ਲਗਭਗ 2 ਲੱਖ 29 ਹਜ਼ਾਰ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੀ ਤਕਨੀਕੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਗੁਰਬਾਣੀ ਚੈਨਲ ਦੇਖਣ ਵਾਲਿਆਂ ਦੀ ਗਿਣਤੀ ਵਿਚ ਰੋਜ਼ਾਨਾ ਲਗਭਗ 2500 ਤੋ 3 ਹਜ਼ਾਰ ਤੱਕ ਦਾ ਔਸਤ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਇਹ ਚੈਨਲ ਫੇਸਬੁੱਕ ’ਤੇ ਵੀ ਦੇਖਿਆ ਜਾ ਰਿਹਾ ਹੈ ਅਤੇ ਦੇਖਣ ਵਾਲਿਆਂ ਦੀ ਗਿਣਤੀ ਚਾਰ ਲੱਖ ਤੋਂ ਵੱਧ ਹੈ।