ਨਿਊਯਾਰਕ, 11 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸ਼ਿਕਾਗੋ ‘ਚ ਗਲੇਨਵੁੱਡ ਚ’ ਸਥਿਤ ਇਕ ਸ਼ਰਾਬ ਸਟੋਰ ਦੇ ਅੰਦਰ ਗੋਲੀ ਮਾਰ ਕੇ ਇਕ ਪੰਜਾਬੀ ਸਟੋਰ ਮਾਲਕ ਨਵੀਨ ਸਿੰਘ (52) ਸਾਲ ਦੀ ਹੱਤਿਆ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਕਸਬਾ ਨਡਾਲਾ, ਜ਼ਿਲ੍ਹਾ ਕਪੂਰਥਲਾ ਸੀ। ਪੁਲਿਸ ਨੇ ਬਾਅਦ ਵਿਚ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ। ਦੋਸ਼ੀ ਵਿਅਕਤੀ ਨੇ ਲਿਕਰ ਸਟੋਰ ਦੇ ਅੰਦਰ ਕਿਸੇ ਗੱਲ ਤੋਂ ਹੋਈ ਬਹਿਸ ਦੌਰਾਨ ਲਿਕਰ ਸਟੋਰ ਮਾਲਕ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਗਲੇਨਵੁੱਡ ਪੁਲਿਸ ਦੇ ਮੁਖੀ ਡੇਰੇਕ ਪੇਡੀਕੋਰਡ ਨੇ ਇੱਕ ਬਿਆਨ ਵਿਚ ਕਿਹਾ ਕਿ 339 ਈਸਟ ਗਲੇਨਵੁੱਡ ਲੈਂਸਿੰਗ ਰੋਡ ‘ਤੇ ਸਥਿਤ ਐਂਪੋਰੀਅਮ ਲਿਕਰਜ਼ ‘ਤੇ ਸ਼ਾਮ 6:45 ਵਜੇ ਦੇ ਕਰੀਬ ਇੱਕ ਸ਼ੱਕੀ ਬੰਦੂਕਧਾਰੀ ਨਾਲ ਝਗੜੇ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ ਸੀ। ਪੈਡੀਕੋਰਡ ਨੇ ਕਿਹਾ ਕਿ ਘਟਨਾ ਦੌਰਾਨ, ਸ਼ੱਕੀ ਨੇ ਬੰਦੂਕ ਕੱਢ ਲਈ ਅਤੇ ਨਵੀਨ ਸਿੰਘ ਨੂੰ ਗੋਲੀ ਮਾਰ ਦਿੱਤੀ, ਜਿਸਦੀ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਕੁੱਕ ਕਾਉਂਟੀ ਦੇ ਮੈਡੀਕਲ ਜਾਂਚਕਰਤਾ ਨੇ ਪੀੜਤ ਦੀ ਪਛਾਣ ਸ਼ਿਕਾਗੋ ਹਾਈਟਸ ਦੇ 52 ਸਾਲਾ ਨਵੀਨ ਸਿੰਘ ਵਜੋਂ ਕੀਤੀ ਹੈ, ਜੋ ਪਿਛਲੇ 30 ਸਾਲ ਤੋਂ ਸ਼ਿਕਾਗੋ ਵਿਚ ਰਹਿ ਰਿਹਾ ਸੀ। ਪੁਲਿਸ ਵੱਲੋਂ ਜਾਂਚ ਜਾਰੀ ਹੈ। ਗਲੇਨਵੁੱਡ ਦੇ ਮੇਅਰ ਰੋਨਾਲਡ ਗਾਰਡੀਨਰ ਨੇ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਸਾਡੇ ਭਾਈਚਾਰੇ ਨੇ ਇੱਕ ਵਪਾਰਕ ਮਾਲਕ ਅਤੇ ਦੋਸਤ ਨੂੰ ਬੇਸਮਝ ਬੰਦੂਕ ਹਿੰਸਾ ਕਾਰਨ ਗੁਆ ਦਿੱਤਾ। ਨਵੀਨ ਸਿੰਘ ਇੱਕ ਦਿਆਲੂ ਵਿਅਕਤੀ ਸੀ, ਜਿਸਨੇ ਆਪਣੀ ਐਂਪੋਰੀਅਮ ਸ਼ਰਾਬ ਦੀ ਦੁਕਾਨ ਨੂੰ ਜ਼ਿੰਮੇਵਾਰੀ ਨਾਲ ਅਤੇ ਹਮੇਸ਼ਾ ਮੁਸਕਰਾਹਟ ਨਾਲ ਚਲਾਇਆ। ਇਸ ਮੰਦਭਾਗੀ ਘਟਨਾ ਦਾ ਅਮਰੀਕਾ ‘ਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਕਾਫੀ ਸੋਗ ਪਾਇਆ ਜਾ ਰਿਹਾ ਹੈ।