– ਵੰਡ ਤੋਂ ਬਾਅਦ ਬੰਦ ਪਏ ਪਵਿੱਤਰ ਅਸਥਾਨ ਦਾ ਨਵੀਨੀਕਰਨ ਕੀਤਾ
– ਸੰਗਤ ਨੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਕੀਤੀ ਸ਼ੁਰੂਆਤ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਮੇਲ)- ਲਾਹੌਰ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇੱਕ ਇਤਿਹਾਸਕ ਗੁਰਦੁਆਰੇ ਨੂੰ 79 ਸਾਲਾਂ ਬਾਅਦ ਸੰਗਤ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਸਾਲ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਇਹ ਅਸਥਾਨ ਬੰਦ ਪਿਆ ਸੀ।
ਲਾਹੌਰ-ਕਸੂਰ ਰੋਡ ‘ਤੇ ਸਥਿਤ ਇਤਿਹਾਸਕ ਪਿੰਡ ਅਮਰ ਸਿੱਧੂ (ਜੋ ਹੁਣ ਲਾਹੌਰ ਸ਼ਹਿਰ ਦਾ ਹਿੱਸਾ ਬਣ ਚੁੱਕਾ ਹੈ) ਵਿਖੇ ਸਥਿਤ ‘ਗੁਰਦੁਆਰਾ ਪਾਤਸ਼ਾਹੀ ਛੇਵੀਂ’ ਦਾ ਨਵੀਨੀਕਰਨ ਕਰਨ ਤੋਂ ਬਾਅਦ ਇਸ ਨੂੰ ਰਸਮੀ ਤੌਰ ‘ਤੇ ਖੋਲ੍ਹਿਆ ਗਿਆ ਹੈ। ਇਸ ਖ਼ਾਸ ਮੌਕੇ ‘ਤੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਇਕੱਠੇ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ।
ਇਹ ਪਵਿੱਤਰ ਅਸਥਾਨ ਲਾਹੌਰ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਤਿੰਨ ਇਤਿਹਾਸਕ ਗੁਰਦੁਆਰਿਆਂ ਵਿਚੋਂ ਇੱਕ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਛੇਵੇਂ ਗੁਰੂ ਸਾਹਿਬ ਕਸ਼ਮੀਰ ਤੋਂ ਵਾਪਸ ਆਉਂਦੇ ਸਮੇਂ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਇਸ ਅਸਥਾਨ ‘ਤੇ ਰੁਕੇ ਸਨ। ਇਹ ਅਸਥਾਨ ਬੀਬੀ ਕੌਲਾਂ ਜੀ ਨਾਲ ਵੀ ਜੁੜਿਆ ਹੋਇਆ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸਿੱਖ ਸੰਗਤ ਨਾਲ ਗੁਰੂ ਸਾਹਿਬ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਸਨ।
‘ਗੁਰਦੁਆਰਾ ਪੀਡੀਆ’ ਪੋਰਟਲ ਦੇ ਸੰਪਾਦਕ ਦਵਿੰਦਰ ਸਿੰਘ ਢਿੱਲੋਂ ਮੁਤਾਬਕ ਸ਼ੁਰੂਆਤ ਵਿਚ ਇਸ ਜਗ੍ਹਾ ‘ਤੇ ਇੱਕ ਸਾਧਾਰਨ ਯਾਦਗਾਰ ਬਣੀ ਹੋਈ ਸੀ। ਸਾਲ 1923 ਵਿਚ ਲਾਹੌਰ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਭਾਈ ਮੋਹਨ ਸਿੰਘ ਅਕਾਲੀ (ਨਿਹੰਗ) ਦੇ ਯਤਨਾਂ ਸਦਕਾ ਇੱਥੇ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ। ਬ੍ਰਿਟਿਸ਼ ਕਾਲ ਦੌਰਾਨ ਅਣਵੰਡੇ ਪੰਜਾਬ ਵਿਚ ਕਈ ਇਤਿਹਾਸਕ ਇਮਾਰਤਾਂ ਦਾ ਨਕਸ਼ਾ ਤਿਆਰ ਕਰਨ ਵਾਲੇ ਉੱਘੇ ਸਿਵਲ ਇੰਜੀਨੀਅਰ ਸਰ ਗੰਗਾ ਰਾਮ ਨੇ ਇਸ ਇਮਾਰਤ ਦੀ ਉਸਾਰੀ ਵਿਚ ਅਹਿਮ ਯੋਗਦਾਨ ਪਾਇਆ ਸੀ।
ਢਿੱਲੋਂ ਨੇ ਦੱਸਿਆ ਕਿ ਇਸ ਗੁਰਦੁਆਰਾ ਕੰਪਲੈਕਸ ਕੋਲ ਲਗਪਗ 17 ਕਨਾਲ ਜ਼ਮੀਨ ਸੀ, ਜਿਸ ਵਿਚ ਲੰਗਰ ਹਾਲ ਅਤੇ ਸ਼ਰਧਾਲੂਆਂ ਦੇ ਰਹਿਣ ਲਈ ਰਿਹਾਇਸ਼ੀ ਕਮਰੇ ਬਣੇ ਹੋਏ ਸਨ। ਵੰਡ ਤੋਂ ਪਹਿਲਾਂ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਦੇਖ-ਰੇਖ ਹੇਠ ਸਥਾਨਕ ਸਿੱਖ ਸੰਗਤ ਵੱਲੋਂ ਚਲਾਇਆ ਜਾਂਦਾ ਸੀ। ਇਤਿਹਾਸਕ ਰਿਕਾਰਡ ਦੱਸਦੇ ਹਨ ਕਿ ਜਿਸ ਅਸਥਾਨ (ਥੜ੍ਹੇ) ‘ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਰਾਮ ਕੀਤਾ ਸੀ, ਉਸ ਦੇ ਆਲੇ-ਦੁਆਲੇ 1923 ਵਿਚ ਇੱਕ ਬਾਗ ਦੇ ਵਿਚਕਾਰ ਪੱਕਾ ਢਾਂਚਾ ਬਣਾਇਆ ਗਿਆ ਸੀ। ਇਸ ਇਮਾਰਤ ‘ਤੇ ਇੱਕ ਸ਼ਾਨਦਾਰ ਗੁੰਬਦ, ਚਾਰ-ਚੁਫੇਰੇ ਵਰਾਂਡੇ ਅਤੇ ਸੰਗਮਰਮਰ ਦਾ ਫਰਸ਼ ਲੱਗਿਆ ਹੋਇਆ ਸੀ, ਜਿਸ ਉੱਤੇ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿਚ ਉਨ੍ਹਾਂ ਸਿੱਖ ਸ਼ਰਧਾਲੂਆਂ ਦੇ ਨਾਮ ਲਿਖੇ ਹੋਏ ਸਨ, ਜਿਨ੍ਹਾਂ ਨੇ ਇਸ ਦੀ ਉਸਾਰੀ ਵਿਚ ਯੋਗਦਾਨ ਪਾਇਆ ਸੀ।
ਸਾਲ 1947 ਦੀ ਫ਼ਿਰਕੂ ਹਿੰਸਾ ਦੌਰਾਨ ਇਸ ਪਵਿੱਤਰ ਅਸਥਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਅਤੇ ਸਿੱਖ ਆਬਾਦੀ ਦੇ ਭਾਰਤ ਹਿਜਰਤ ਕਰ ਜਾਣ ਤੋਂ ਬਾਅਦ ਇਹ ਇਮਾਰਤ ਬੇਅਬਾਦ ਹੋ ਗਈ ਸੀ। ਬੀਤੇ ਦਹਾਕਿਆਂ ਵਿਚ ਇਮਾਰਤ ਦੀ ਹਾਲਤ ਬਹੁਤ ਖ਼ਰਾਬ ਹੋ ਗਈ, ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਸਰੋਵਰ ਮਿੱਟੀ ਨਾਲ ਭਰ ਦਿੱਤਾ ਗਿਆ ਅਤੇ ਆਲੇ-ਦੁਆਲੇ ਦੀ ਜ਼ਮੀਨ ਦੇ ਵੱਡੇ ਹਿੱਸੇ ‘ਤੇ ਨਾਜਾਇਜ਼ ਕਬਜ਼ੇ ਕਰ ਲਏ ਗਏ।
ਰਿਪੋਰਟਾਂ ਅਨੁਸਾਰ ਕਈ ਸਾਲਾਂ ਤੱਕ ਇਹ ਪਰਿਸਰ ਇੱਕ ਨਿੱਜੀ ਪਰਿਵਾਰ ਦੇ ਕਬਜ਼ੇ ਹੇਠ ਰਿਹਾ, ਜਿਸ ਨੇ ਕੰਪਲੈਕਸ ਦੇ ਅੰਦਰ ਇੱਕ ਸਥਾਨਕ ਪੀਰ ਦੀ ਕਬਰ ਵੀ ਬਣਾ ਦਿੱਤੀ ਸੀ। ਹੁਣ ਇਸ ਇਤਿਹਾਸਕ ਅਸਥਾਨ ਦੇ ਨਵੀਨੀਕਰਨ ਅਤੇ ਇਸ ਨੂੰ ਦੁਬਾਰਾ ਖੋਲ੍ਹੇ ਜਾਣ ਨਾਲ ਇਹ ਜਗ੍ਹਾ ਇੱਕ ਵਾਰ ਫਿਰ ਸਥਾਨਕ ਸਿੱਖ ਭਾਈਚਾਰੇ ਦੀ ਪਹੁੰਚ ਵਿਚ ਆ ਗਈ ਹੈ, ਜਿਸ ਨਾਲ ਪਾਕਿਸਤਾਨ ਵਿਚ ਸਿੱਖ ਵਿਰਸੇ ਦਾ ਇੱਕ ਅਹਿਮ ਅਧਿਆਇ ਮੁੜ ਸੁਰਜੀਤ ਹੋ ਗਿਆ ਹੈ।
ਲਾਹੌਰ ‘ਚ ਗੁਰੂ ਹਰਗੋਬਿੰਦ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ 79 ਸਾਲਾਂ ਬਾਅਦ ਮੁੜ ਖੁੱਲ੍ਹਿਆ

