ਹਵਾਲਗੀ ਦੀ ਪ੍ਰਕਿਰਿਆ ਸ਼ੁਰੂ
ਵੈਨਕੂਵਰ, 11 ਜੁਲਾਈ (ਪੰਜਾਬ ਮੇਲ)- ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਕਮਿਸ਼ਨਰ ਦੀ ਤਰਫ਼ੋਂ ਪੈਸਫਿਕ ਖੇਤਰ ਦੇ ਫੈਡਰਲ ਮੀਡੀਆ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਵਿਚ ਦੱਸਿਆ ਗਿਆ ਹੈ ਕਿ ‘ਅਪਰੇਸ਼ਨ ਹਾਰਡ ਬਾਲ’ ਰਾਹੀਂ ਨਸ਼ਾ ਤਸਕਰੀ, ਹਿੰਸਾ ਅਤੇ ਕਤਲਾਂ ਦੇ ਮਾਮਲਿਆਂ ਵਿਚ ਸ਼ਾਮਲ ਵੈਸਟ ਵੈਨਕੂਵਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਦਿਓ (40) ਨੂੰ ਫਰਾਂਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਸਨੂੰ ਜਲਦ ਹੀ ਅਮਰੀਕਾ ਲਿਆਂਦਾ ਜਾ ਰਿਹਾ ਹੈ, ਜਿੱਥੇ ਉਹ ਸਾਂਝੇ ਜਾਂਚ ਦਲ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦਾ ਸਾਹਮਣਾ ਕਰੇਗਾ। ਜਾਰੀ ਕੀਤੇ ਗਏ ਇਸ ਪ੍ਰੈੱਸ ਨੋਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਅੰਗਰੇਜ਼ੀ, ਫਰੈਂਚ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਜਾਰੀ ਕੀਤਾ ਗਿਆ ਹੈ, ਜੋ ਕਿ ਕੈਨੇਡਾ ਦੀ ਕੇਂਦਰੀ ਪੁਲਿਸ ਵੱਲੋਂ ਪਹਿਲੀ ਵਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਿੰਦਰ ਦਿਓ ਉਸੇ ਪਿੰਦੀ ਦਿਓ ਦੇ ਪਰਿਵਾਰ ਵਿਚੋਂ ਹੈ, ਜਿਸ ਦਾ ਨਾਂ ਪੰਜਾਬ ਦੇ ਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਕਾਂਡ ਵਿਚ ਸਾਹਮਣੇ ਆਇਆ ਸੀ ਅਤੇ ਗੁਰਿੰਦਰ ਦੇ ਇੱਕ ਭਰਾ ਸੁੱਖ ਦਿਓ (34) ਦੀ ਕੁਝ ਸਾਲ ਪਹਿਲਾਂ ਟੋਰਾਂਟੋ ਵਿਚ ਹੱਤਿਆ ਕਰ ਦਿੱਤੀ ਗਈ ਸੀ।
ਸੂਤਰਾਂ ਅਨੁਸਾਰ ਪੁਲਿਸ ਗੁਰਿੰਦਰ ਦੇ ਦੋ ਭਰਾਵਾਂ ਅਤੇ ਹੋਰ ਨੇੜਲਿਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਗੁਰਿੰਦਰ ਦਿਓ, ਉਸਦੀ ਪਤਨੀ, ਭੈਣ ਅਤੇ ਜੀਜੇ ਦੀ ਮਾਲਕੀ ਵਾਲੇ 55 ਲੱਖ ਡਾਲਰ ਦੀ ਕੀਮਤ ਦੇ ਤਿੰਨ ਘਰ ਗੈਰ-ਕਾਨੂੰਨੀ ਕਮਾਈ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਕਬਜ਼ੇ ਵਿਚ ਲਿਆ ਜਾਵੇਗਾ। ਇਸੇ ਕੇਸ ਵਿਚ ਫੜੇ ਗਏ ਰਵਿੰਦਰ ਢੰਡਾ, ਜਸਕਰਨ ਬਾਗੜੀ ਅਤੇ ਗੁਰਦੇਵ ਸਮਾਘ ਨੂੰ ਅੱਜ ਬੀ.ਸੀ. ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਬਾਰੇ ਫੈਸਲਾ ਲਿਆ ਜਾਣਾ ਹੈ, ਪਰ ਜੱਜ ਨੇ ਸੁਣਵਾਈ ਕਰਨ ਦੇ ਬਾਵਜੂਦ ਅਜੇ ਫੈਸਲਾ ਰਾਖਵਾਂ ਰੱਖਿਆ ਹੈ ਅਤੇ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਨਸ਼ਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।
‘ਅਪਰੇਸ਼ਨ ਹਾਰਡ ਬਾਲ’: ਨਸ਼ਾ ਤਸਕਰੀ ਤੇ ਕਤਲ ਮਾਮਲੇ ‘ਚ ਲੋੜੀਂਦਾ ਪੰਜਾਬੀ ਵਿਅਕਤੀ ਫਰਾਂਸ ‘ਚ ਕਾਬੂ

