#PUNJAB

ਰਿਸ਼ਵਤ ਕਾਂਡ : ਵਿਜੀਲੈਂਸ ਵੱਲੋਂ ਬਠਿੰਡਾ ਦੇ ‘ਆਪ’ ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ

* ਫੋਰੈਂਸਿਕ ਜਾਂਚ ‘ਚ ਆਵਾਜ਼ ‘ਆਪ’ ਵਿਧਾਇਕ ਦੀ ਹੋਣ ਬਾਰੇ ਪੁਸ਼ਟੀ, ਮੁੱਖ ਮੰਤਰੀ ਵੱਲੋਂ ਲੋੜੀਂਦੇ ਹੁਕਮ ਜਾਰੀ
ਮਾਨਸਾ, 23 ਫਰਵਰੀ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਬੁੱਧਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ ਉੱਚ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇ ਪੀ.ਏ. ਨੂੰ ਪੰਜਾਬ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿਖੇ ਚਾਰ ਲੱਖ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਨੂੰ ਬਠਿੰਡਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ‘ਆਪ’ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਰਾਤ ਨੂੰ ਮਨਜ਼ੂਰੀ ਦਿੱਤੀ ਸੀ। ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀ ਗਈ ਆਡੀਓ ਰਿਕਾਰਡਿੰਗ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਇਹ ਸਾਬਤ ਹੋਇਆ ਕਿ ਰਿਕਾਰਡਿੰਗ ਵਿਚ ਆਵਾਜ਼ ਵਿਧਾਇਕ ਦੀ ਹੀ ਸੀ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੁੱਧਵਾਰ ਰਾਤ ਨੂੰ ਸਪੱਸ਼ਟ ਕੀਤਾ ਕਿ ਬਠਿੰਡਾ ਦਿਹਾਤੀ ਦੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਪਾਰਟੀ ਦਾ ਨਾਂ ਲੈ ਰਿਹਾ ਸੀ। ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਸਬੂਤ (ਆਡੀਓ ਰਿਕਾਰਡਿੰਗ) ਨਾਲ ਸ਼ੱਕ ਦੂਰ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਇਕ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਨੂੰ ਹਰੀ ਝੰਡੀ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤ ਕਾਂਡ ਦੇ ਮਾਮਲੇ ਨੂੰ ਲੈ ਕੇ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਖਿਲਾਫ਼ ਕਾਰਵਾਈ ਲਈ ਹਰੀ ਝੰਡੀ ਦੇ ਦਿੱਤੀ ਸੀ। ਸੂਤਰਾਂ ਅਨੁਸਾਰ ਵਿਜੀਲੈਂਸ ਅਮਿਤ ਰਤਨ ਦੀ ਪੈੜ ਨੱਪ ਰਹੀ ਸੀ। ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਨਾਲ ਸਬੰਧਤ ‘ਕਾਲ ਰਿਕਾਰਡ’ ਨੂੰ ਫੋਰੈਂਸਿਕ ਜਾਂਚ ਲਈ ਮੋਹਾਲੀ ਭੇਜਿਆ ਗਿਆ ਸੀ, ਜਿੱਥੋਂ ਕਾਲ ਵਿਚਲੀ ਆਵਾਜ਼ ਵਿਧਾਇਕ ਅਮਿਤ ਰਤਨ ਦੀ ਹੋਣ ਬਾਰੇ ਪੁਸ਼ਟੀ ਹੋ ਗਈ। ਮੁੱਖ ਮੰਤਰੀ ਨੇ ਲੈਬ ਰਿਪੋਰਟ ਮਗਰੋਂ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਸਿਆਸੀ ਹਲਕਿਆਂ ‘ਚ ਇਸ ਰਿਸ਼ਵਤ ਕਾਂਡ ਖ਼ਿਲਾਫ਼ ਕਾਰਵਾਈ ਮੁੱਖ ਮੰਤਰੀ ਲਈ ਵੱਕਾਰੀ ਬਣੇ ਹੋਣ ਦੇ ਚਰਚੇ ਸਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਬੀਤੇ ਦਿਨੀਂ ਹੀ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਸਭ ਸਬੂਤ ਇਕੱਠੇ ਕਰਨ ਲਈ ਆਖ ਦਿੱਤਾ ਸੀ। ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੀ ਸਿਆਸੀ ਸਰਗਰਮੀ ਗ਼ਾਇਬ ਸੀ ਅਤੇ ਵਿਰੋਧੀ ਧਿਰਾਂ ਨੇ ਵਿਧਾਇਕ ਖ਼ਿਲਾਫ਼ ਬਿਗਲ ਵਜਾ ਦਿੱਤਾ ਸੀ। ਵਿਜੀਲੈਂਸ ਵੱਲੋਂ ਵਿਧਾਇਕ ਦੇ ਜਮਾਤੀ ਦੋਸਤਾਂ ਦੀ ਤਿੱਕੜੀ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀ ਅੰਦਰੋਂ-ਅੰਦਰੀ ਵਿਧਾਇਕ ਦਾ ਰਿਕਾਰਡ ਵੀ ਛਾਣ ਰਹੇ ਹਨ, ਤਾਂ ਜੋ ਵਿਧਾਇਕ ਦੇ ਦੋਸਤਾਂ ਦੀ ਤਿੱਕੜੀ ਦੀ ਆਪਸੀ ਤੰਦ ਨੂੰ ਜੋੜਿਆ ਜਾ ਸਕੇ। ਸੂਤਰਾਂ ਅਨੁਸਾਰ ਵਿਧਾਇਕ ਅਮਿਤ ਰਤਨ ਦੀ ਕੰਪਨੀ ਸ਼੍ਰੀ ਸ਼ਸ਼ੀ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰਾਈਵੇਟ ਲਿਮਟਿਡ ਜ਼ਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਿਚ ਹੈ, ਜਿਸ ਦੇ ਡਾਇਰੈਕਟਰ ਅਮਿਤ ਰਤਨ 28 ਦਸੰਬਰ 2010 ਨੂੰ ਬਣੇ ਹਨ, ਉਸੇ ਦਿਨ ਹੀ ਉਸ ਦਾ ਇਕ ਜਮਾਤੀ ਡਾਇਰੈਕਟਰ ਬਣਿਆ ਹੈ। ਅਮਿਤ ਰਤਨ ਨੇ 2022 ਦੀਆਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਕੈਬਨਿਟ ਮੀਟਿੰਗ ਵਿਚ ਸਾਰੇ ਵਜ਼ੀਰਾਂ ਦੇ ਜ਼ਰੀਏ ਵਿਧਾਇਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਾਲ ਚੰਗੇ ਅਕਸ ਵਾਲੇ ਪੀ.ਏ. ਰੱਖਣ ਅਤੇ ਉਨ੍ਹਾਂ ਪੀਏ’ਜ਼ ਦੀ ਛੁੱਟੀ ਕੀਤੀ ਜਾਵੇ, ਜਿਨ੍ਹਾਂ ਦਾ ਕਿਰਦਾਰ ਸ਼ੱਕੀ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਨੇੜਲੇ ਦੋਸਤ ਜਾਂ ਰਿਸ਼ਤੇਦਾਰਾਂ ਨੂੰ ਪੀ.ਏ. ਨਾ ਰੱਖਣ ਦੀ ਤਾੜਨਾ ਕੀਤੀ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਵਜ਼ੀਰਾਂ ਨੂੰ ਕਿਹਾ ਕਿ ਪੀਏ’ਜ਼ ਨੂੰ ਕੰਟਰੋਲ ਕਰੋ।

Leave a comment