ਸੈਕਰਾਮੈਂਟੋ, 27 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬਿਲਿੰਗਜ਼, ਮੋਂਟਾਨਾ ਵਿਚ ਇਕ ਵਿਅਕਤੀ ਵੱਲੋਂ 4 ਬੱਚਿਆਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ ਕਰ ਲਈ ਗਈ। ਦੋਸ਼ੀ ਮ੍ਰਿਤਕਾਂ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਗੋਲੀਬਾਰੀ ਹੋਣ ਉਪਰੰਤ ਘਰ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਤਾਂ ਉਸ ਸਮੇਂ ਤੱਕ ਘਰ ਪੂਰੀ ਤਰ੍ਹਾਂ ਅੱਗ ਵਿਚ ਘਿਰ ਚੁੱਕਾ ਸੀ। ਮ੍ਰਿਤਕਾਂ ਵਿਚ ਪੜਦਾਦੀ ਤੋਂ ਲੈ ਕੇ 7 ਸਾਲ ਦੀ ਬੱਚੀ ਤੱਕ ਸ਼ਾਮਲ ਹਨ। ਬਿਲਿੰਗਜ਼ ਪੁਲਿਸ ਵਿਭਾਗ ਦੇ ਸਹਾਇਕ ਪੁਲਿਸ ਮੁਖੀ ਸ਼ੌਨ ਮਾਇਓ ਨੇ ਕਿਹਾ ਕਿ ਅਧਿਕਾਰੀ ਸੂਚਨਾ ਮਿਲਣ ਤੋਂ 11 ਮਿੰਟ ਬਾਅਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਵਿਹੜੇ ਵਿਚ ਇੱਕ ਪੁਰਸ਼ ਨੂੰ ਦੇਖਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਨੂੰ ਗੋਲੀ ਵੱਜੀ ਹੋਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸੰਭਾਵੀ ਤੌਰ ‘ਤੇ ਉਸ ਨੇ ਹੱਤਿਆਵਾਂ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ। ਮਾਮਲਾ ਅਜੇ ਜਾਂਚ ਅਧੀਨ ਹੈ। ਯੈਲੋਸਟੋਨ ਕਾਉਂਟੀ ਸ਼ੈਰਿਫ਼ ਕੈਂਟ ਓ’ਡੋਨੇਲ ਨੇ ਕਿਹਾ ਕਿ ਕਈ ਬਾਲਗ ਅਤੇ ਕਈ ਬੱਚੇ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਤੱਕ ਪੀੜਤਾਂ ਦੀ ਗਿਣਤੀ, ਉਨ੍ਹਾਂ ਦੀ ਉਮਰ, ਜਾਂ ਇੱਕ ਦੂਜੇ ਨਾਲ ਸਬੰਧਾਂ ਬਾਰੇ ਜਾਣਕਾਰੀ ਜਾਰੀ ਨਹੀਂ ਕਰ ਰਹੇ ਹਨ। ਜਾਂਚ ਮੁਕੰਮਲ ਹੋਣ ਉਪਰੰਤ ਹੀ ਹੋਰ ਜਾਣਕਾਰੀ ਦਿੱਤੀ ਜਾਵੇਗੀ।
ਮੋਂਟਾਨਾ ‘ਚ ਵਿਅਕਤੀ ਵੱਲੋਂ 8 ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ

