#INDIA

ਮਨੀਪੁਰ ‘ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਕੈਂਪ ‘ਤੇ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ, ਦੋ ਜਵਾਨਾਂ ਦੀ ਮੌਤ

ਇੰਫਾਲ, 27 ਅਪ੍ਰੈਲ (ਪੰਜਾਬ ਮੇਲ)- ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪ ‘ਤੇ ਅੱਤਵਾਦੀਆਂ ਦੇ ਹਮਲੇ ‘ਚ ਸੀ.ਆਰ.ਪੀ.ਐੱਫ. ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੇ ਮੋਇਰਾਂਗ ਥਾਣਾ ਖੇਤਰ ਦੇ ਨਾਰਨਸੇਨਾ ਸਥਿਤ ਆਈ.ਆਰ.ਬੀ.ਐੱਨ. (ਇੰਡੀਅਨ ਰਿਜ਼ਰਵ ਕੋਰ) ਦੇ ਕੈਂਪ ‘ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਪਹਾੜੀ ਚੋਟੀਆਂ ਤੋਂ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਰਾਤ ਕਰੀਬ 12.30 ਵਜੇ ਸ਼ੁਰੂ ਹੋਈ ਅਤੇ ਤੜਕੇ ਕਰੀਬ 2.15 ਵਜੇ ਤੱਕ ਜਾਰੀ ਰਹੀ। ਅੱਤਵਾਦੀਆਂ ਨੇ ਬੰਬ ਵੀ ਸੁੱਟੇ, ਜਿਨ੍ਹਾਂ ਵਿਚੋਂ ਇੱਕ ਸੀ.ਆਰ.ਪੀ.ਐੱਫ. ਦੀ 128 ਬਟਾਲੀਅਨ ਦੀ ਚੌਕੀ ਵਿਚ ਫਟਿਆ। ਮ੍ਰਿਤਕਾਂ ਦੀ ਪਛਾਣ ਐੱਸ.ਆਈ. ਐੱਨ. ਸਰਕਾਰ ਅਤੇ ਹੈੱਡ ਕਾਂਸਟੇਬਲ ਅਰੂਪ ਸੈਣੀ ਵਜੋਂ ਹੋਈ ਹੈ। ਇਸ ਹਮਲੇ ਵਿਚ ਇੰਸਪੈਕਟਰ ਜਾਦਵ ਦਾਸ ਅਤੇ ਕਾਂਸਟੇਬਲ ਆਫਤਾਬ ਦਾਸ ਜ਼ਖ਼ਮੀ ਹੋ ਗਏ।