#AMERICA

ਛੁੱਟੀਆਂ ਦੇ ਸਫ਼ਰ ਤੋਂ ਪਹਿਲਾਂ ਸੀ.ਬੀ.ਪੀ ਦੀਆਂ ਯਾਤਰੀਆਂ ਨੂੰ ਖ਼ਾਸ ਹਦਾਇਤਾਂ

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ (ਸੀ.ਬੀ.ਪੀ) ਨੇ ਛੁੱਟੀਆਂ ਦੇ ਮੌਸਮ ਵਿਚ ਜ਼ਮੀਨੀ ਸਰਹੱਦੀ ਰਸਤਿਆਂ ਰਾਹੀਂ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਮੁਤਾਬਕ, ਸਫ਼ਰ ਤੋਂ ਪਹਿਲਾਂ ਪਾਸਪੋਰਟ, ਵੀਜ਼ਾ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਮਿਆਦ ਜ਼ਰੂਰ ਜਾਂਚੋ। ਵੀਜ਼ਾ ਵੇਵਰ ਪ੍ਰੋਗਰਾਮ ਅਧੀਨ ਆਉਣ ਵਾਲੇ ਯਾਤਰੀਆਂ ਕੋਲ ਯਾਤਰਾ ਤੋਂ ਪਹਿਲਾਂ ਮਨਜ਼ੂਰਸ਼ੁਦਾ ਈ.ਐੱਸ.ਟੀ.ਏ. ਹੋਣਾ ਲਾਜ਼ਮੀ ਹੈ।
ਯਾਤਰੀ ਸੀ.ਬੀ.ਪੀ. ਦੇ ਮੋਬਾਈਲ ਪਾਸਪੋਰਟ ਕੰਟਰੋਲ, ਬਾਰਡਰ ਵੇਟ ਟਾਈਮਜ਼ ਅਤੇ ਰੈਡੀ ਲੇਨ ਵਰਗੇ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ। ਯੋਗ ਅਤੇ ਪਹਿਲਾਂ ਤੋਂ ਜਾਂਚੇ ਹੋਏ ਘੱਟ-ਖ਼ਤਰੇ ਵਾਲੇ ਯਾਤਰੀ ਗਲੋਬਲ ਐਂਟਰੀ, ਨੇਕਸਸ ਜਾਂ ਸੈਂਟਰੀ ਵਰਗੇ ਟਰੱਸਟਡ ਟਰੈਵਲਰ ਪ੍ਰੋਗਰਾਮਾਂ ਲਈ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਲਈ ਅਰਜ਼ੀ, ਪਿਛੋਕੜ ਜਾਂਚ, ਫੀਸ ਅਤੇ ਲੋੜ ਪੈਣ ‘ਤੇ ਇੰਟਰਵਿਊ ਦੀ ਸ਼ਰਤ ਹੁੰਦੀ ਹੈ। ਮੈਂਬਰਾਂ ਦੀ ਵੀ ਜਾਂਚ ਹੋ ਸਕਦੀ ਹੈ।
ਵਿਦੇਸ਼ ਤੋਂ ਲਿਆਂਦੇ ਤੋਹਫ਼ੇ, ਖਰੀਦਦਾਰੀ, ਖਾਣ-ਪੀਣ ਦੀਆਂ ਚੀਜ਼ਾਂ, ਪੌਦੇ, ਬੀਜ, ਮਿੱਟੀ, ਜਾਨਵਰਾਂ ਦੇ ਉਤਪਾਦ, ਸ਼ਰਾਬ ਅਤੇ ਤੰਬਾਕੂ ਸਮੇਤ ਸਾਰੀਆਂ ਚੀਜ਼ਾਂ ਅਧਿਕਾਰੀਆਂ ਨੂੰ ਦੱਸੋ। ਦੱਸਣ ਦਾ ਮਤਲਬ ਇਹ ਨਹੀਂ ਕਿ ਚੀਜ਼ ਜ਼ਰੂਰ ਜ਼ਬਤ ਹੋਵੇਗੀ; ਪਰ ਨਾ ਦੱਸਣ ‘ਤੇ ਦੇਰੀ, ਜੁਰਮਾਨਾ ਜਾਂ ਜ਼ਬਤੀ ਹੋ ਸਕਦੀ ਹੈ।
ਅਮਰੀਕਾ ਅੰਦਰ ਜਾਂ ਬਾਹਰ 10,000 ਡਾਲਰ ਜਾਂ ਇਸ ਤੋਂ ਵੱਧ ਨਕਦੀ ਜਾਂ ਵਿੱਤੀ ਸਾਧਨ ਲਿਜਾਣ ਵਾਲਿਆਂ ਨੂੰ ਸੀ.ਬੀ.ਪੀ. ਕੋਲ ਰਿਪੋਰਟ ਕਰਨੀ ਪੈਂਦੀ ਹੈ। ਦਵਾਈਆਂ ਅਸਲ ਪੈਕਿੰਗ ਵਿਚ ਰੱਖੋ ਅਤੇ ਯਾਤਰਾ ਬਾਰੇ ਸਹੀ ਜਾਣਕਾਰੀ ਦਿਓ।