#EUROPE

ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ ‘ਚ ਸ਼ਾਮਲ ਹੋਣ ਦਾ ਹੱਕਦਾਰ: ਰੂਸੀ ਰਾਸ਼ਟਰਪਤੀ

ਮਾਸਕੋ, 8 ਨਵੰਬਰ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਮਹਾਸ਼ਕਤੀਆਂ ਦੀ ਸੂਚੀ ‘ਚ ਸ਼ਾਮਲ ਹੋਣ ਦਾ ਹੱਕਦਾਰ ਹੈ, ਕਿਉਂਕਿ ਇਸ ਦੀ ਅਰਥਵਿਵਸਥਾ ਇਸ ਸਮੇਂ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ। ਸੋਚੀ ‘ਚ ‘ਵਾਲਦਾਈ ਡਿਸਕਸ਼ਨ ਕਲੱਬ’ ਦੇ ਪਲੇਨਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਵੀਰਵਾਰ ਨੂੰ ਇਹ ਵੀ ਕਿਹਾ ਕਿ ਰੂਸ ਭਾਰਤ ਨਾਲ ਹਰ ਦਿਸ਼ਾ ‘ਚ ਸਬੰਧ ਵਿਕਸਿਤ ਕਰ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਨੂੰ ਦੁਵੱਲੇ ਸਬੰਧਾਂ ‘ਚ ਇਕ ਦੂਜੇ ‘ਤੇ ਡੂੰਘਾ ਭਰੋਸਾ ਹੈ।
ਪੁਤਿਨ ਨੇ ਕਿਹਾ, ”1.5 ਅਰਬ ਦੀ ਆਬਾਦੀ, ਵਿਸ਼ਵ ਦੀਆਂ ਸਾਰੀਆਂ ਅਰਥਵਿਵਸਥਾਵਾਂ ਵਿਚ ਸਭ ਤੋਂ ਤੇਜ਼ ਵਿਕਾਸ, ਪ੍ਰਾਚੀਨ ਸੰਸਕ੍ਰਿਤੀ ਅਤੇ ਭਵਿੱਖ ਦੇ ਵਿਕਾਸ ਲਈ ਬਹੁਤ ਵਧੀਆ ਸੰਭਾਵਨਾਵਾਂ ਦੇ ਕਾਰਨ ਭਾਰਤ ਨੂੰ ਬਿਨਾਂ ਸ਼ੱਕ ਮਹਾਂਸ਼ਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।” ਭਾਰਤ ਨੂੰ ਮਹਾਨ ਦੇਸ਼ ਦੱਸਦੇ ਹੋਏ ਪੁਤਿਨ ਨੇ ਕਿਹਾ, ‘ਅਸੀਂ ਭਾਰਤ ਨਾਲ ਹਰ ਦਿਸ਼ਾ ‘ਚ ਸਬੰਧ ਵਿਕਸਿਤ ਕਰ ਰਹੇ ਹਾਂ। ਭਾਰਤ ਇੱਕ ਮਹਾਨ ਦੇਸ਼ ਹੈ, ਹੁਣ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਦੇਸ਼ ਹੈ, ਜਿੱਥੋਂ ਦੀ ਆਬਾਦੀ 1.5 ਅਰਬ ਹੈ ਅਤੇ ਨਾਲ ਹੀ ਜਿੱਥੇ ਹਰ ਸਾਲ ਆਬਾਦੀ ਵਿਚ ਇੱਕ ਕਰੋੜ ਦਾ ਵਾਧਾ ਹੁੰਦਾ ਹੈ।’
ਉਨ੍ਹਾਂ ਕਿਹਾ ਕਿ ਭਾਰਤ ਆਰਥਿਕ ਤਰੱਕੀ ਵਿਚ ਵਿਸ਼ਵ ਵਿਚ ਮੋਹਰੀ ਹੈ। ਰੂਸੀ ਸਮਾਚਾਰ ਏਜੰਸੀ ਟਾਸ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ, ”ਸਾਡੇ ਸਬੰਧ ਕਿੱਥੇ ਅਤੇ ਕਿਸ ਗਤੀ ਨਾਲ ਵਿਕਸਿਤ ਹੋਣਗੇ, ਇਸ ਦਾ ਸਾਡਾ ਦ੍ਰਿਸ਼ਟੀਕੋਣ ਅੱਜ ਦੀਆਂ ਹਕੀਕਤਾਂ ‘ਤੇ ਆਧਾਰਿਤ ਹੈ। ਸਾਡਾ ਸਹਿਯੋਗ ਹਰ ਸਾਲ ਕਈ ਗੁਣਾ ਵਧ ਰਿਹਾ ਹੈ।” ਪੁਤਿਨ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਸੁਰੱਖਿਆ ਅਤੇ ਰੱਖਿਆ ਖੇਤਰ ਵਿਚ ਸੰਪਰਕ ਵਿਕਸਿਤ ਹੋ ਰਹੇ ਹਨ। ਦੇਖੋ ਕਿੰਨੇ ਤਰ੍ਹਾਂ ਦੇ ਰੂਸੀ ਫੌਜੀ ਸਾਜ਼ੋ-ਸਾਮਾਨ ਭਾਰਤੀ ਹਥਿਆਰਬੰਦ ਬਲਾਂ ਦੀ ਸੇਵਾ ਵਿਚ ਹਨ। ਇਸ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਭਰੋਸਾ ਹੈ। ਅਸੀਂ ਸਿਰਫ਼ ਭਾਰਤ ਨੂੰ ਹਥਿਆਰ ਹੀ ਨਹੀਂ ਵੇਚਦੇ; ਅਸੀਂ ਉਨ੍ਹਾਂ ਨੂੰ ਸਾਂਝੇ ਤੌਰ ‘ਤੇ ਡਿਜ਼ਾਈਨ ਵੀ ਕਰਦੇ ਹਾਂ। ਪੁਤਿਨ ਨੇ ਉਦਾਹਰਣ ਵਜੋਂ ਬ੍ਰਹਮੋਸ ਕਰੂਜ਼ ਮਿਜ਼ਾਈਲ ਪ੍ਰਾਜੈਕਟ ਦਾ ਹਵਾਲਾ ਦਿੱਤਾ। ਅਸਲ ਵਿਚ, ਅਸੀਂ ਇਸਨੂੰ (ਮਿਜ਼ਾਈਲ) ਨੂੰ ਤਿੰਨ ਵਾਤਾਵਰਣਾਂ ਵਿਚ ਵਰਤਣ ਲਈ ਯੋਗ ਬਣਾਇਆ ਹੈ – ਹਵਾ ਵਿਚ, ਸਮੁੰਦਰ ਵਿੱਚ ਅਤੇ ਜ਼ਮੀਨ ਉੱਤੇ। ਭਾਰਤ ਦੇ ਸੁਰੱਖਿਆ ਲਾਭ ਲਈ ਸੰਚਾਲਿਤ ਇਹ ਪ੍ਰੋਜੈਕਟ ਜਾਰੀ ਹਨ।