#INDIA

ਭਾਰਤ ‘ਚ ਇਸ ਸਾਲ ਮੀਂਹ ਨੂੰ ਤਰਸਣਗੇ ਲੋਕ!

-ਅਨੁਮਾਨ ਅਨੁਸਾਰ 20 ਫੀਸਦੀ ਸੋਕਾ ਪੈਣ ਦਾ ਵੀ ਸੰਭਾਵਨਾ
ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)-  ਇਸ ਸਾਲ ਮੀਂਹ ਨੂੰ ਲੋਕ ਤਰਸਣਗੇ। ਦਰਅਸਲ ਮਾਨਸੂਨ ਨੂੰ ਲੈ ਕੇ ਸਕਾਈਮੇਟ ਨੇ 2023 ਦਾ ਪਹਿਲਾ ਅਨੁਮਾਨ ਜਾਰੀ ਕੀਤਾ ਹੈ। ਸਕਾਈਮੇਟ ਮੁਤਾਬਕ ਇਸ ਸਾਲ ਮਾਨਸੂਨ ਦਾ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ। ਯਾਨੀ ਕਿ ਮੀਂਹ ਆਮ ਨਾਲੋਂ ਘੱਟ ਪਵੇਗਾ। ਮੀਂਹ ਪੈਣ ਦੀ ਸਿਰਫ 25 ਫ਼ੀਸਦੀ ਸੰਭਾਵਨਾ ਹੈ। ਉੱਥੇ ਹੀ ਸੋਕਾ ਪੈਣ ਦੀ ਸੰਭਾਵਨਾ ਵੀ 20 ਫ਼ੀਸਦੀ ਹੈ।
ਸਕਾਈਮੇਟ ਦੀ ਰਿਪੋਰਟ ਮੁਤਾਬਕ ਇਸ ਵਾਰ ਮਾਨਸੂਨ ‘ਤੇ ‘ਅਲ ਨੀਨੋ’ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਚੱਲਦੇ ਮੀਂਹ ਆਮ ਨਾਲੋਂ ਵੀ ਕਾਫੀ ਘੱਟ ਪਵੇਗਾ ਅਤੇ ਲੋਕਾਂ ਨੂੰ ਸੋਕੇ ਦਾ ਪ੍ਰਭਾਵ ਝੱਲਣਾ ਪੈ ਸਕਦਾ ਹੈ। ਉੱਥੇ ਹੀ ਮੌਸਮ ਜ਼ਿਆਦਾ ਗਰਮ ਰਹਿਣ ਕਾਰਨ ਫ਼ਸਲ ਵੀ ਪ੍ਰਭਾਵਿਤ ਹੋ ਸਕਦੀ ਹੈ।
ਜਦੋਂ ਪ੍ਰਸ਼ਾਂਤ ਮਹਾਸਾਗਰ ਵਿਚ ਸਮੁੰਦਰ ਦੀ ਉੱਪਰੀ ਸਤ੍ਹਾ ਗਰਮ ਹੁੰਦੀ ਹੈ, ਤਾਂ ਅਲ ਨੀਨੋ ਦਾ ਪ੍ਰਭਾਵ ਪੈਂਦਾ ਹੈ। ਅਨੁਮਾਨ ਜਤਾਇਆ ਗਿਆ ਹੈ ਕਿ ਅਲ ਨੀਨੋ ਦਾ ਪ੍ਰਭਾਵ ਮਈ-ਜੁਲਾਈ ਦਰਮਿਆਨ ਪਰਤ ਸਕਦਾ ਹੈ।
ਦੇਸ਼ ਵਿਚ ਜੂਨ ਤੋਂ ਸਤੰਬਰ ਤੱਕ ਮਾਨਸੂਨ ਵੀ ਪੂਰੀ ਤਰ੍ਹਾਂ ਸਰਗਰਮ ਰਹਿੰਦਾ ਹੈ। ਸਕਾਈਮੇਟ ਦੀ ਰਿਪੋਰਟ ਮੁਤਾਬਕ ਦੇਸ਼ ਦੇ ਉੱਤਰੀ ਅਤੇ ਮੱਧ ਹਿੱਸਿਆਂ ‘ਚ ਮੀਂਹ ਦੀ ਕਮੀ ਦਾ ਖ਼ਤਰਾ ਰਹੇਗਾ। ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ‘ਚ ਜੁਲਾਈ ਅਤੇ ਅਗਸਤ ਦੇ ਮਾਨਸੂਨ ਮਹੀਨਿਆਂ ਦੌਰਾਨ ਘੱਟ ਮੀਂਹ ਪਵੇਗਾ। ਦੂਜੇ ਪਾਸੇ ਉੱਤਰੀ ਭਾਰਤ ਦੇ ਖੇਤੀਬਾੜੀ ਖੇਤਰਾਂ  ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ‘ਚ ਸੀਜ਼ਨ ਦੇ ਦੂਜੇ ਅੱਧ ‘ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

Leave a comment