#INDIA

ਭਾਰਤੀ ਕ੍ਰਿਕਟ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ

* ਇਕ ਦਹਾਕੇ ਤੋਂ ਵੱਧ ਸਮਾਂ ਭਾਰਤੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਰਹੇ
ਨਵੀਂ ਦਿੱਲੀ, (ਪੰਜਾਬ ਮੇਲ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਦੇਸ਼ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਲੰਮੀ ਬਿਮਾਰੀ ਮਗਰੋਂ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅੰਜੂ, ਪੁੱਤਰ ਅੰਗਦ ਤੇ ਧੀ ਨੇਹਾ ਹਨ। ਬਿਸ਼ਨ ਸਿੰਘ ਬੇਦੀ ਦਾ ਜਨਮ 1946 ਵਿਚ ਅੰਮ੍ਰਿਤਸਰ ਵਿਚ ਹੋਇਆ ਸੀ। ਖੱਬੇ ਹੱਥ ਦੇ ਸਪਿੰਨਰ ਬੇਦੀ ਨੇ ਭਾਰਤ ਲਈ 67 ਟੈਸਟ ਮੈਚ ਖੇਡੇ ਤੇ 266 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਪਾਰੀ ਵਿਚ 14 ਵਾਰ ਪੰਜ ਵਿਕਟਾਂ ਅਤੇ ਮੈਚ ਵਿਚ ਇਕ ਵਾਰ 10 ਵਿਕਟਾਂ ਹਾਸਲ ਕੀਤੀਆਂ। ਉਹ 22 ਟੈਸਟ ਮੈਚਾਂ ਵਿਚ ਭਾਰਤੀ ਟੀਮ ਦੇ ਕਪਤਾਨ ਵੀ ਰਹੇ। ਉਹ ਭਾਰਤੀ ਕ੍ਰਿਕਟ ਦੇ ਸਪਿੰਨਰਾਂ ਦੀ ਉਸ ਸੁਨਹਿਰੀ ਚੌਕੜੀ ਦਾ ਹਿੱਸਾ ਸਨ, ਜਿਨ੍ਹਾਂ ਵਿਚ ਉਨ੍ਹਾਂ ਤੋਂ ਇਲਾਵਾ ਇਰਾਪੱਲੀ ਪ੍ਰਸੰਨਾ, ਭਾਗਵਤ ਚੰਦਰਸ਼ੇਖਰ ਤੇ ਸ੍ਰੀਨਿਵਾਸ ਵੈਂਕਟਰਾਘਵਨ ਸ਼ਾਮਲ ਸਨ। ਉਹ 1966 ਤੇ 1978 ਵਿਚਾਲੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਰਹੇ। ਬੇਦੀ 1990 ‘ਚ ਨਿਊਜ਼ੀਲੈਂਡ ਤੇ ਇੰਗਲੈਂਡ ਦੌਰੇ ਦੌਰਾਨ ਕੁਝ ਸਮੇਂ ਲਈ ਭਾਰਤੀ ਕ੍ਰਿਕਟ ਟੀਮ ਦੇ ਮੈਨੇਜਰ ਵੀ ਰਹੇ। ਉਹ ਕੌਮੀ ਚੋਣਕਾਰ ਹੋਣ ਦੇ ਨਾਲ-ਨਾਲ ਮਨਿੰਦਰ ਸਿੰਘ ਤੇ ਮੁਰਲੀ ਕਾਰਤਿਕ ਜਿਹੇ ਕਈ ਸ਼ਾਨਦਾਰ ਸਪਿੰਨਰਾਂ ਦੇ ਗੁਰੂ ਵੀ ਸਨ। ਬਿਸ਼ਨ ਸਿੰਘ ਬੇਦੀ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 1560 ਵਿਕਟਾਂ ਹਾਸਲ ਕੀਤੀਆਂ, ਜੋ ਕਿਸੇ ਵੀ ਹੋਰ ਭਾਰਤੀ ਖਿਡਾਰੀ ਨਾਲੋਂ ਵੱਧ ਹਨ। ਉਨ੍ਹਾਂ ਦਿੱਲੀ ਲਈ ਘਰੇਲੂ ਕ੍ਰਿਕਟ ਵੀ ਖੇਡਿਆ। ਉਨ੍ਹਾਂ ਨੂੰ 1970 ਵਿਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਕ੍ਰਿਕਟਰਾਂ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਇਸ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੱਖ-ਵੱਖ ਕ੍ਰਿਕਟਰਾਂ ਤੇ ਹੋਰ ਹਸਤੀਆਂ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਬੱਲੇਬਾਜ਼ ਗੌਤਮ ਗੰਭੀਰ, ਭਾਰਤੀ ਸਪਿੰਨਰ ਆਰ. ਅਸ਼ਵਿਨ, ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ, ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ, ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਸਾਬਕਾ ਆਲ ਰਾਊਂਡਰ ਇਰਫਾਨ ਪਠਾਨ, ਭਾਰਤੀ ਵਿਕਟਕੀਪਰ ਤੇ ਬੱਲੇਬਾਜ਼ ਦਿਨੇਸ਼ ਕਾਰਤਿਕ, ਬੱਲੇਬਾਜ਼ ਸ਼ਿਖਰ ਧਵਨ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a comment