#AMERICA

ਭਾਰਤੀ ਈ.ਬੀ.-2 ਗ੍ਰੀਨ ਕਾਰਡ ਅਰਜ਼ੀਕਾਰਾਂ ਲਈ ਅਕਤੂਬਰ ਤੱਕ ਵੀਜ਼ਾ ਜਾਰੀ ਕਰਨ ‘ਤੇ ਰੋਕ

ਵਾਸ਼ਿੰਗਟਨ ਡੀ.ਸੀ., 28 ਮਈ (ਪੰਜਾਬ ਮੇਲ)- ਅਮਰੀਕਾ ‘ਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀ ਪ੍ਰੋਫੈਸ਼ਨਲਜ਼ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਨੇ ਐਲਾਨ ਕੀਤਾ ਹੈ ਕਿ ਵਿੱਤੀ ਵਰ੍ਹੇ 2026 ਲਈ ਭਾਰਤ ਈ.ਬੀ.-2 ਕੈਟਾਗਰੀ ਦਾ ਸਾਰਾ ਵੀਜ਼ਾ ਕੋਟਾ ਖਤਮ ਹੋ ਗਿਆ ਹੈ। ਇਸ ਕਾਰਨ ਹੁਣ 30 ਸਤੰਬਰ 2026 ਤੱਕ ਭਾਰਤੀ ਅਰਜ਼ੀਕਾਰਾਂ ਨੂੰ ਕੋਈ ਨਵਾਂ ਈ.ਬੀ.-2 ਪ੍ਰਵਾਸੀ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।
ਇਹ ਫੈਸਲਾ ਉਨ੍ਹਾਂ ਹਜ਼ਾਰਾਂ ਭਾਰਤੀ ਆਈ.ਟੀ. ਪੇਸ਼ੇਵਰ, ਇੰਜੀਨੀਅਰ, ਡਾਕਟਰ, ਖੋਜਕਰਤਾ ਅਤੇ ਐੱਚ-1ਬੀ ਵੀਜ਼ਾ ਧਾਰਕਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਕਈ ਸਾਲਾਂ ਤੋਂ ਰੁਜ਼ਗਾਰ-ਆਧਾਰਿਤ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਅਮਰੀਕੀ ਦੂਤਾਵਾਸ ਅਤੇ ਕੌਂਸਲੇਟ ਨੂੰ ਹੁਣ ਭਾਰਤ ਵਿਚ ਜਨਮੇ ਈ.ਬੀ.-2 ਬਿਨੈਕਾਰ ਲਈ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਰੋਕਣ ਲਈ ਕਿਹਾ ਗਿਆ ਹੈ।
ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਹਰ ਸਾਲ ਰੁਜ਼ਗਾਰ-ਆਧਾਰਿਤ ਇਮੀਗਰੈਂਟ ਵੀਜ਼ਾ ਦੀ ਇੱਕ ਨਿਰਧਾਰਤ ਲਿਮਿਟ ਹੁੰਦੀ ਹੈ। ਉਸ ਵਿਚੋਂ ਈ.ਬੀ.-2 ਕੈਟਾਗਰੀ ਲਈ ਤਕਰੀਬਨ 28.6 ਫੀਸਦੀ ਵੀਜ਼ਾ ਰੱਖੇ ਜਾਂਦੇ ਹਨ। ਇਸ ਦੇ ਨਾਲ ਹੀ ਕਿਸੇ ਵੀ ਇੱਕ ਦੇਸ਼ ਲਈ 7 ਫੀਸਦੀ ਦੀ ਹਰ ਦੇਸ਼ ਦੀ ਲਿਮਟ ਵੀ ਲਾਗੂ ਹੁੰਦੀ ਹੈ। ਭਾਰਤ ਤੋਂ ਐਪਲੀਕੇਸ਼ਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਇਹ ਕੋਟਾ ਸਾਲ ਮੁਕਣ ਤੋਂ ਪਹਿਲਾਂ ਹੀ ਖਤਮ ਹੋ ਗਿਆ।
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਐਡਜਸਟਮੈਂਟ ਆਫ ਸਟੇਟਸ ਅਰਜ਼ੀਆਂ, ਅੰਬੈਸੀ ਇੰਟਰਵਿਊਜ਼ ਅਤੇ ਪੈਡਿੰਗ ਗ੍ਰੀਨ ਕਾਰਡ ਕੇਸ ‘ਤੇ ਪਵੇਗਾ। ਕਈ ਅਰਜ਼ੀਕਾਰਾਂ ਦੇ ਕੇਸ ਹੁਣ ਹੋਲਡ ‘ਤੇ ਜਾ ਸਕਦੇ ਹਨ ਅਤੇ ਕੁਝ ਲੋਕਾਂ ਨੂੰ ਹੋਰ ਕਈ ਮਹੀਨੇ ਉਡੀਕ ਕਰਨੀ ਪੈ ਸਕਦੀ ਹੈ।
ਹਾਲ ਹੀ ਵਿਚ ਯੂ.ਐੱਸ.ਸੀ.ਆਈ.ਐੱਸ. ਵੱਲੋਂ ਐਡਜਸਟਮੈਂਟ ਆਫ ਸਟੇਟਸ ਕੇਸਾਂ ਦੀ ਜਾਂਚ ਵਧਾਉਣ ਤੋਂ ਬਾਅਦ ਪਹਿਲਾਂ ਹੀ ਇਮੀਗਰੈਂਟ ਵਿਚ ਚਿੰਤਾ ਵਧੀ ਹੋਈ ਸੀ। ਹੁਣ ਈ.ਬੀ.-2 ਵੀਜ਼ਾ ਕੈਪ ਖਤਮ ਹੋਣ ਨਾਲ ਭਾਰਤੀ ਭਾਈਚਾਰਾ ਵਿਚ ਹੋਰ ਬੇਚੈਨੀ ਵਧ ਗਈ ਹੈ।
ਹਾਲਾਂਕਿ 1 ਅਕਤੂਬਰ 2026 ਨੂੰ ਵਿੱਤੀ ਵਰ੍ਹਾ 2027 ਦੀ ਸ਼ੁਰੂਆਤ ਨਾਲ ਨਵਾਂ ਵੀਜ਼ਾ ਕੋਟਾ ਖੁੱਲੇਗਾ ਅਤੇ ਉਸ ਤੋਂ ਬਾਅਦ ਦੁਬਾਰਾ ਈ.ਬੀ.-2 ਵੀਜ਼ਾ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਪਰ ਇਮੀਗ੍ਰੇਸ਼ਨ ਅਟਾਰਨੀਆਂ ਦਾ ਕਹਿਣਾ ਹੈ ਕਿ ਬੈਕਲਾਗ ਇੰਨਾ ਵੱਡਾ ਹੋ ਚੁੱਕਾ ਹੈ ਕਿ ਕਈ ਅਰਜ਼ੀਕਾਰਾਂ ਨੂੰ ਗ੍ਰੀਨ ਕਾਰਡ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।