#AMERICA

ਭਾਰਤੀ ਅਮਰੀਕੀਆਂ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਐਲਾਨ

ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ ਨੂੰ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਵਿਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਭਾਰਤੀ ਸ਼ਹਿਰ ਲਈ ਅਜਿਹਾ ਐਲਾਨ ਆਪਣੇ ਆਪ ਵਿਚ ਨਵੀਂ ਪਹਿਲ ਹੈ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂ.ਐੱਸ.ਆਈ.ਐੱਸ.ਪੀ.ਐੱਫ.), ਉੱਘੇ ਭਾਰਤੀ-ਅਮਰੀਕੀਆਂ ਅਤੇ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੇ ਸਮੂਹ ਨੇ ‘ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ’ (ਫਿੱਕੀ) ਦੇ ਨਾਲ ਮੈਰੀਲੈਂਡ ਵਿਚ ਮੀਟਿੰਗ ਕੀਤੀ, ਜਿਥੇ ਵਿਕਸਿਤ ਅੰਮ੍ਰਿਤਸਰ ਪਹਿਲ ਦਾ ਐਲਾਨ ਕੀਤਾ ਗਿਆ। ਇਸ ਪਹਿਲਕਦਮੀ ਦੇ ਮੋਢੀ ਮੈਂਬਰਾਂ ਨੇ ਦੱਸਿਆ ਕਿ ਇਸ ਸ਼ਾਨਦਾਰ ਯੋਜਨਾ ਦੇ ਪ੍ਰੇਰਨਾ ਸਰੋਤ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਹਨ, ਜੋ ਵਾਸ਼ਿੰਗਟਨ ਵਿਚ ਚਾਰ ਸਾਲ ਦੀ ਕੂਟਨੀਤਕ ਸੇਵਾ ਕਰਨ ਤੋਂ ਬਾਅਦ ਮਿਸ਼ਨ ਵੱਲੋਂ ਮਦਦ ਦੇ ਵਾਅਦੇ ਨਾਲ ਆਪਣੇ ਵਤਨ ਪਰਤੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ ਅੰਮ੍ਰਿਤਸਰ ਨੂੰ ਆਰਥਿਕ ਅਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ ਦੁਨੀਆਂ ਦੇ ਸਭ ਤੋਂ ਵਧੀਆ ਸ਼ਹਿਰਾਂ ਵਿਚੋਂ ਇੱਕ ਵਜੋਂ ਵਿਕਸਿਤ ਕਰਨਾ ਹੈ, ਸਗੋਂ ਇਸ ਸ਼ਹਿਰ ਨੂੰ ਵਿਸ਼ਵ ਵਿਚ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਕਰਨਾ ਹੈ।