#AMERICA

ਭਰਤੀ-ਅਮਰੀਕੀ ਸ਼ਮਾ ਹਕੀਮ ਕੈਲੀਫੋਰਨੀਆ ‘ਚ ਸਹਾਇਕ ਜੱਜ ਨਿਯੁਕਤ

ਹਿਊਸਟਨ, 1 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ਵਿਚ ਸਹਾਇਕ ਜੱਜ ਦੇ ਅਹੁਦੇ ‘ਤੇ ਭਾਰਤੀ-ਅਮਰੀਕੀ ਜੱਜ ਸ਼ਮਾ ਹਕੀਮ ਮੇਸੀਵਾਲਾ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਜੁਡੀਸ਼ੀਅਲ ਕੌਂਸਲ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ਸੈਕਰਾਮੈਂਟੋ ਸ਼ਹਿਰ ਵਿਚ ਤੀਜੀ ਜ਼ਿਲ੍ਹਾ ਅਪੀਲੀ ਅਦਾਲਤ ਦੇ ਸਹਾਇਕ ਜੱਜ ਵਜੋਂ ਮੇਸੀਵਾਲਾ ਦੀ ਨਿਯੁਕਤੀ ਦੀ ਪੁਸ਼ਟੀ 14 ਫਰਵਰੀ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਕੀਤੀ ਸੀ। 48 ਸਾਲਾ ਮੇਸੀਵਾਲਾ ਨੂੰ ਇਸ ਮਹੀਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਅਹੁਦੇ ਦੀ ਸਹੁੰ ਚੁਕਾਈ।
ਬਿਆਨ ‘ਚ ਕਿਹਾ ਗਿਆ, ”ਜੱਜ ਮੇਸੀਵਾਲਾ ਦੇ ਨਾਮ ਦੀ ਪੁਸ਼ਟੀ ਤਿੰਨ ਮੈਂਬਰੀ ਕਮਿਸ਼ਨ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਵੋਟ ਵਿਚ ਹੋਈ, ਜਿਸ ਵਿਚ ਚੀਫ਼ ਜਸਟਿਸ ਗਯੁਰੇਰੋ, ਅਟਾਰਨੀ ਜਨਰਲ ਰੋਬ ਬੋਂਟਾ ਅਤੇ ਕਾਰਜਕਾਰੀ ਜੱਜ ਰੋਨਾਲਡ ਬੀ. ਰੋਬੀ ਸ਼ਾਮਲ ਹਨ।” ਜੱਜ ਮੇਸੀਵਾਲਾ ਹੁਣ ਦੇਸ਼ ਦੀ ਕਿਸੇ ਵੀ ਅਪੀਲੀ ਅਦਾਲਤ ਵਿਚ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਔਰਤ ਅਤੇ ਪਹਿਲੀ ਮੁਸਲਿਮ ਅਮਰੀਕੀ ਔਰਤ ਹੋਵੇਗੀ।

Leave a comment