ਢਾਕਾ, 21 ਅਪ੍ਰੈਲ (ਪੰਜਾਬ ਮੇਲ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਬੰਗਲਾਦੇਸ਼ ਪੁਲਿਸ ਦੇ ਨੈਸ਼ਨਲ ਸੈਂਟਰਲ ਬਿਊਰੋ (ਐੱਨ.ਐੱਸ.ਬੀ.) ਨੇ ਇੰਟਰਪੋਲ ਨੂੰ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 11 ਹੋਰਾਂ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਬੰਗਲਾਦੇਸ਼ੀ ਮੀਡੀਆ ਵਿਚ ਦਿੱਤੀ ਗਈ। ਬੰਗਲਾਦੇਸ਼ ਪੁਲਿਸ ਨੇ ਹਾਲ ਹੀ ਵਿਚ ਸ਼ੇਖ ਹਸੀਨਾ ਅਤੇ 72 ਹੋਰਾਂ ਵਿਰੁੱਧ ਘਰੇਲੂ ਯੁੱਧ ਭੜਕਾਉਣ ਅਤੇ ਮੁਹੰਮਦ ਯੂਨਸ ਦੀ ਅਗਵਾਈ ਵਾਲੇ ਅੰਤਰਿਮ ਪ੍ਰਸ਼ਾਸਨ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਹੈੱਡਕੁਆਰਟਰ ਦੇ ਸਹਾਇਕ ਇੰਸਪੈਕਟਰ ਜਨਰਲ (ਮੀਡੀਆ) ਇਨਾਮੁਲ ਹੱਕ ਸਾਗਰ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਨੂੰ ਇੰਟਰਪੋਲ ਨੂੰ ਬੇਨਤੀ ਭੇਜ ਦਿੱਤੀ ਗਈ ਹੈ।
ਏ.ਆਈ.ਜੀ. ਇਨਾਮੁਲ ਹੱਕ ਨੇ ਕਿਹਾ ਕਿ ਇੰਟਰਪੋਲ ਵਿਦੇਸ਼ਾਂ ਵਿਚ ਰਹਿ ਰਹੇ ਭਗੌੜਿਆਂ ਦੇ ਟਿਕਾਣਿਆਂ ਦੀ ਪਛਾਣ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇੱਕ ਵਾਰ ਜਦੋਂ ਕਿਸੇ ਭਗੌੜੇ ਦੇ ਠਿਕਾਣੇ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਉਹ ਜਾਣਕਾਰੀ ਇੰਟਰਪੋਲ ਨੂੰ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੈੱਡ ਕਾਰਨਰ ਨੋਟਿਸ ਦੀ ਬੇਨਤੀ ਅਜੇ ਵੀ ਪ੍ਰਕਿਰਿਆ ਅਧੀਨ ਹੈ।
ਸ਼ੇਖ ਹਸੀਨਾ ਭਾਰਤ ਵਿਚ ਹੈ ਅਤੇ ਇਸ ਲਈ ਯੂਨਸ ਸਰਕਾਰ ਭਾਰਤ ‘ਤੇ ਲਗਾਤਾਰ ਦਬਾਅ ਪਾ ਰਹੀ ਹੈ ਕਿ ਉਹ ਉਸਨੂੰ ਉਸ ਦੇ ਹਵਾਲੇ ਕਰ ਦੇਵੇ। ਬੰਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਉਹ ਹਸੀਨਾ ਅਤੇ ਹੋਰ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਵਚਨਬੱਧ ਹੈ। ਪਰ ਹਾਲ ਹੀ ਵਿਚ ਜਦੋਂ ਬੰਗਲਾਦੇਸ਼ ਨੇ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ, ਤਾਂ ਭਾਰਤ ਨੇ ਉਸ ਬੇਨਤੀ ਨੂੰ ਠੁਕਰਾ ਦਿੱਤਾ।
ਬੰਗਲਾਦੇਸ਼ ਵੱਲੋਂ ਇੰਟਰਪੋਲ ਨੂੰ ਸ਼ੇਖ ਹਸੀਨਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਬੇਨਤੀ
