ਵਾਸ਼ਿੰਗਟਨ, 8 ਅਪ੍ਰੈਲ (ਪੰਜਾਬ ਮੇਲ)- ਜੋਅ ਬਾਇਡਨ ਪ੍ਰਸ਼ਾਸਨ ਨੇ ਅਫ਼ਗ਼ਾਨਿਸਤਾਨ ‘ਚੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਦੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਸ ਘੜਮੱਸ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਦੱਸਿਆ ਹੈ। ਬਾਇਡਨ ਸਰਕਾਰ ਨੇ ਕਿਹਾ ਕਿ ਟਰੰਪ ਨੇ ਕੁਝ ਅਜਿਹੇ ਮੁਸ਼ਕਲ ਹਾਲਾਤ ਸਿਰਜ ਦਿੱਤੇ ਸਨ, ਜਿਸ ਕਰਕੇ ਦੋ ਸਾਲ ਪਹਿਲਾਂ (2021 ‘ਚ) ਜੰਗ ਦੇ ਝੰਬੇ ਮੁਲਕ (ਅਫ਼ਗ਼ਾਨਿਸਤਾਨ) ‘ਚੋਂ ਉੱਘੜ-ਦੁੱਘੜ ‘ਚ ਅਮਰੀਕੀ ਸਲਾਮਤੀ ਦਸਤਿਆਂ ਨੂੰ ਵਾਪਸ ਸੱਦਣ ਲਈ ਮਜਬੂਰ ਹੋਣਾ ਪਿਆ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ 12 ਸਫ਼ਿਆਂ ਦਾ ਇਕ ਦਸਤਾਵੇਜ਼ ਜਾਰੀ ਕੀਤਾ ਹੈ, ਜਿਸ ਵਿਚ ਅਮਰੀਕੀ ਫੌਜਾਂ ਦੇ ਦੋ ਸਾਲ ਪਹਿਲਾਂ ਅਫ਼ਗ਼ਾਨਿਸਤਾਨ ‘ਚੋਂ ਕੂਚ ਕਰਨ ਦੇ ਕਾਰਨਾਂ ਤੇ ਹਾਲਾਤ ਨੂੰ ਤਫ਼ਸੀਲ ‘ਚ ਬਿਆਨਿਆ ਗਿਆ ਹੈ। ਬਾਇਡਨ ਸਰਕਾਰ ਨੇ ਕਈ ਗੁਪਤ ਦਸਤਾਵੇਜ਼ ਵੱਖ-ਵੱਖ ਸੰਸਦੀ ਕਮੇਟੀਆਂ ਨੂੰ ਵੀ ਭੇਜੇ ਹਨ।