#CANADA

ਬਰੈਂਪਟਨ ‘ਚ 2 ਤੋਂ 4 ਅਕਤੂਬਰ ਤੱਕ ਹੋਵੇਗਾ ਸੱਤਵਾਂ ਵਿਸ਼ਵ ਪੰਜਾਬੀ ਸੰਮੇਲਨ

ਬਰੈਂਪਟਨ, 30 ਸਤੰਬਰ (ਪੰਜਾਬ ਮੇਲ)- ਵਿਸ਼ਵ ਪੰਜਾਬੀ ਸਭਾ, ਬਰੈਂਪਟਨ ਵੱਲੋਂ ਸੱਤਵਾਂ ਵਿਸ਼ਵ ਪੰਜਾਬੀ ਸੰਮੇਲਨ 2, 3 ਅਤੇ 4 ਅਕਤੂਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਸਮਾਗਮ ਵਿਸ਼ਵ ਪੰਜਾਬੀ ਸਭਾ ਭਵਨ ‘ਚ ਹੋਵੇਗਾ।
ਸੰਮੇਲਨ ਵਿਚ ਦੇਸ਼-ਵਿਦੇਸ਼ ਤੋਂ ਬੁੱਧੀਜੀਵੀ, ਸਾਹਿਤਕਾਰ, ਲੇਖਕ ਅਤੇ ਕਵੀ ਸ਼ਾਮਲ ਹੋਣਗੇ। ਇਸ ਸਾਲ ਦੇ ਸੰਮੇਲਨ ਦਾ ਮੁੱਖ ਵਿਸ਼ਾ ਪੰਜਾਬੀ ਸਾਹਿਤ ਵਿਚ ਔਰਤਾਂ ਦਾ ਯੋਗਦਾਨ ਹੈ। ਇਸ ਵਿਸ਼ੇ ਉੱਤੇ ਕਈ ਪਰਚੇ ਸਭਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਵਿਚੋਂ ਚੁਣੇ ਹੋਏ ਪਰਚੇ ਸੰਮੇਲਨ ਦੌਰਾਨ ਪੜ੍ਹੇ ਜਾਣਗੇ।
ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਸਮਾਗਮ ਵਿਚ ਪਰਚੇ ਪੜ੍ਹਨ ਦੇ ਨਾਲ-ਨਾਲ ਲੈਕਚਰ ਅਤੇ ਕਵੀ ਸੰਮੇਲਨ ਵੀ ਕਰਵਾਇਆ ਜਾਵੇਗਾ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਬਾਰੇ ਵਿਦਵਾਨ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬੀ ਸਾਹਿਤਕਾਰਾਂ ਅਤੇ ਲੋਕਾਂ ਵਿਚ ਸੰਮੇਲਨ ਨੂੰ ਲੈ ਕੇ ਖ਼ਾਸ ਉਤਸ਼ਾਹ ਹੈ।
ਉਨ੍ਹਾਂ ਮੁਤਾਬਕ, ਬਰੈਂਪਟਨ ਵਿਚ ਸਭਾ ਵੱਲੋਂ ਇਹ ਤੀਜਾ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਸਥਾ ਦੁਬਈ ਅਤੇ ਪਾਕਿਸਤਾਨ ਵਿਚ ਵੀ ਸੰਮੇਲਨ ਕਰਵਾ ਚੁੱਕੀ ਹੈ। ਇਨ੍ਹਾਂ ਸਮਾਗਮਾਂ ਨੂੰ ਮਿਲਾ ਕੇ ਇਸ ਵਾਰ ਦਾ ਸੰਮੇਲਨ ਸਭਾ ਦਾ ਸੱਤਵਾਂ ਵਿਸ਼ਵ ਪੰਜਾਬੀ ਸੰਮੇਲਨ ਹੋਵੇਗਾ।
ਡਾ. ਦਲਬੀਰ ਸਿੰਘ ਕਥੂਰੀਆ ਨੇ ਲੋਕਾਂ ਨੂੰ ਆਪਣੇ ਬੱਚਿਆਂ ਸਮੇਤ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜਾਣੂ ਕਰਵਾਉਣ ਅਤੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਵਿਚ ਮਦਦਗਾਰ ਹਨ।
ਕੈਲੀਫੋਰਨੀਆ ਤੋਂ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਦੇ ਸੰਚਾਲਕ ਗੁਰਜਤਿੰਦਰ ਸਿੰਘ ਰੰਧਾਵਾ ਵੀ ਇਸ ਸੰਮੇਲਨ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ।