ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਮੇਲ)- ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਦੋਸ਼ ਲਾਇਆ ਹੈ ਕਿ ਇੱਕ ਸਾਜ਼ਿਸ਼ ਤਹਿਤ ਅੰਮ੍ਰਿਤਪਾਲ ਖਿਲਾਫ ਲਾਏ ਗਏ ਕੌਮੀ ਸੁਰੱਖਿਆ ਐਕਟ ਦੀ ਮਿਆਦ ਵਧਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਇਕੱਲਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ।
ਇਸ ਦੌਰਾਨ ਉਹ ਪੱਤਰ ਵੀ ਜਨਤਕ ਕੀਤਾ ਗਿਆ ਹੈ, ਜਿਸ ਰਾਹੀਂ ਹਾਲ ਹੀ ਵਿਚ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਵੱਲੋਂ ਐੱਨ.ਐੱਸ.ਏ. ਦੀ ਮਿਆਦ ਵਿਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੀ ਇੱਕ ਕਾਪੀ ਅੰਮ੍ਰਿਤ ਪਾਲ ਸਿੰਘ ਨੂੰ ਵੀ ਸੌਂਪੀ ਗਈ ਹੈ ਅਤੇ ਉਸ ਦੇ ਦਸਤਖਤ ਕਰਵਾਏ ਗਏ ਹਨ।
ਇੱਥੇ ਪੱਤਰਕਾਰ ਸੰਮੇਲਨ ਦੌਰਾਨ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜਿਵੇਂ ਬਾਕੀ ਹੋਰ ਸਿੱਖਾਂ ਨੂੰ ਐੱਨ.ਐੱਸ.ਏ. ਦੀ ਮਿਆਦ ਪੂਰੀ ਹੋਣ ਮਗਰੋਂ ਪੰਜਾਬ ਲਿਆਂਦਾ ਗਿਆ ਹੈ, ਇਸੇ ਤਰ੍ਹਾਂ 22 ਅਪਰੈਲ ਨੂੰ ਅੰਮ੍ਰਿਤਪਾਲ ਸਿੰਘ ਖਿਲਾਫ ਐੱਨ.ਐੱਸ.ਏ. ਦੀ ਮਿਆਦ ਖਤਮ ਹੋਣ ‘ਤੇ ਪੰਜਾਬ ਲਿਆਂਦਾ ਜਾਣਾ ਸੀ ਪਰ ਹੁਣ ਅਚਨਚੇਤੀ ਐੱਨ.ਐੱਸ.ਏ. ਮੁੜ ਲਾ ਦਿੱਤੀ ਗਈ ਹੈ, ਜੋ ਕਿ 23 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਇਸ ਦਾ ਮੁੱਖ ਕਾਰਨ 13 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਬੰਦੀ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਹੈ, ਜਿਸ ਵਿਚ ਵੱਡਾ ਇਕੱਠ ਹੋਇਆ ਸੀ ਅਤੇ ਇਸ ਵੱਡੇ ਇਕੱਠ ਨੇ ਭਗਵੰਤ ਮਾਨ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ, ਜਿਸ ਦੇ ਸਿੱਟੇ ਵਜੋਂ ਸਰਕਾਰ ਨੇ ਡਰਦੇ ਮਾਰੇ ਐੱਨ.ਐੱਸ.ਏ. ਮੁੜ ਲਗਾ ਦਿੱਤੀ ਹੈ, ਜੋ ਕਿ ਉਸਦੇ ਜਮਹੂਰੀ, ਧਾਰਮਿਕ ਅਤੇ ਸੰਵਿਧਾਨਕ ਹੱਕਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲਿਸ ਵੀ ਕਾਨੂੰਨ ਮੁਤਾਬਿਕ ਕੰਮ ਨਹੀਂ ਕਰ ਰਹੀ। ਇੱਕ ਸਾਜ਼ਿਸ਼ ਤਹਿਤ ਜਾਣਬੁੱਝ ਕੇ ਉਸ ਦੀ ਐੱਨ.ਐੱਸ.ਏ. ਵਧਾਈ ਗਈ ਹੈ ਅਤੇ ਇਸ ਤਹਿਤ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਇਕੱਲਾ ਕਰ ਦਿੱਤਾ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਸਰਕਾਰ ‘ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼
