ਚੰਡੀਗਡ਼੍ਹ, 30 ਅਕਤੂਬਰ (ਪੰਜਾਬ ਮੇਲ)- ਚੋਣ ਕਮਿਸ਼ਨ ਦੀ ਮੌਜੂਦਾ ਸਰਗਰਮੀ ਅਤੇ ਚੋਣ ਪ੍ਰਕਿਰਿਆ ਦੀ ਠਰ੍ਹੰਮੀ ਚਾਲ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਸਿਰ ਹੋਣ ਦੀ ਹੀ ਸੰਭਾਵਨਾ ਹੈ। ਸਿਆਸੀ ਪਾਰਟੀਆਂ ਚੋਣ ਜ਼ਾਬਤਾ ਜਲਦੀ ਲਗਾਏ ਜਾਣ ਦੀ ਮੰਗ ਕਰ ਰਹੀਆਂ ਹਨ ਪਰ ਮੌਜੂਦਾ ਹਾਲਾਤ ਕਾਰਨ ਇਹ ਜਨਵਰੀ ਦੇ ਦੂਜੇ ਹਫ਼ਤੇ ਲੱਗਣ ਦੇ ਆਸਾਰ ਹਨ; ਹਾਲਾਂਕਿ ਪਿਛਲੀਆਂ ਚੋਣਾਂ ’ਚ ਚੋਣ ਜ਼ਾਬਤਾ ਦਸੰਬਰ ਦੇ ਅਖ਼ੀਰ ’ਚ ਵੀ ਲੱਗਦਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੀ ਅਗਾਊਂ ਤਿਆਰੀ ਦੇ ਸਬੰਧ ’ਚ 27-28 ਅਕਤੂਬਰ ਨੂੰ ਚੋਣ ਕਮਿਸ਼ਨ ਦੇ ਵਫ਼ਦ ਨੇ ਸਮੀਖਿਆ ਵੀ ਕੀਤੀ ਹੈ।
ਪੰਜਾਬ ’ਚ ਅਗੇਤੀਆਂ ਚੋਣਾਂ ਹੋਣ ਦੀ ਚਰਚਾ ਹਾਲੇ ਵੀ ਘੱਟ ਨਹੀਂ ਹੋਈ। ਉਂਝ, ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਗੇਤੀਆਂ ਚੋਣਾਂ ਹੋਣ ਦੀ ਗੱਲ ਆਖ ਕੇ ਇਸ ਚਰਚਾ ਦਾ ਮੁੱਢ ਬੰਨ੍ਹਿਆ ਸੀ। ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ 12 ਨਵੰਬਰ ਤੋਂ ਸਪੈਸ਼ਲ ਸਮਰੀ ਰਿਵੀਜ਼ਨ (ਐੱਸ ਐੱਸ ਆਰ) ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 12 ਨਵੰਬਰ ਨੂੰ ਖਰੜਾ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਵੇਗੀ ਅਤੇ 11 ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਦੇਣ ਦੀ ਪ੍ਰਕਿਰਿਆ ਚੱਲੇਗੀ।
ਚੋਣ ਕਮਿਸ਼ਨ ਅਨੁਸਾਰ ਇਸ ਇੱਕ ਮਹੀਨੇ ਦੌਰਾਨ ਵੋਟਾਂ ਕੱਟਣ ਤੇ ਬਣਾਉਣ ਦਾ ਕੰਮ ਚੱਲੇਗਾ। ਪਹਿਲੀ ਜਨਵਰੀ 2027 ਨੂੰ 18 ਸਾਲ ਪੂਰੇ ਕਰਨ ਵਾਲੇ ਨੌਜਵਾਨ ਨਵੀਂ ਵੋਟ ਬਣਵਾ ਸਕਣਗੇ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ ਹੋਵੇਗੀ। ਸੂਤਰਾਂ ਮੁਤਾਬਕ ਉਸ ਮਗਰੋਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਚੋਣ ਮਾਹਿਰ ਦੱਸਦੇ ਹਨ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਵੀ ਚੋਣ ਜ਼ਾਬਤਾ ਲਾਗੂ ਕਰਨ ’ਚ ਕੋਈ ਸੰਵਿਧਾਨਿਕ/ਕਾਨੂੰਨੀ ਦਿੱਕਤ ਨਹੀਂ ਹੈ।
ਉਂਝ ਚੋਣ ਕਮਿਸ਼ਨ ਸੂਬੇ ’ਚ ਵਿਧਾਨ ਸਭਾ ਚੋਣਾਂ ਲਈ ਫਰਵਰੀ ਦਾ ਮਹੀਨਾ ਹਰ ਪੱਖ ਤੋਂ ਢੁੱਕਵਾਂ ਸਮਝਦਾ ਹੈ ਕਿਉਂਕਿ ਉਸ ਸਮੇਂ ਪੰਜਾਬ ’ਚ ਕੋਈ ਵੀ ਪ੍ਰੀਖਿਆ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਫ਼ਸਲ ਦੀ ਵਾਢੀ ਜਾਂ ਬਿਜਾਈ ਦਾ ਸਮਾਂ ਹੁੰਦਾ ਹੈ। ਇਸੇ ਤਰ੍ਹਾਂ ਫਰਵਰੀ ’ਚ ਕੋਈ ਵੱਡਾ ਤਿੱਥ-ਤਿਉਹਾਰ ਵੀ ਨਹੀਂ ਆਉਂਦਾ ਹੈ। ਪੰਜਾਬ ਚੋਣਾਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 2012 ਦੀਆਂ ਅਸੈਂਬਲੀ ਚੋਣਾਂ ਨੂੰ ਛੱਡ ਕੇ ਸਾਲ 1992 ਤੋਂ ਹੁਣ ਤੱਕ ਵਿਧਾਨ ਸਭਾ ਚੋਣਾਂ ਫਰਵਰੀ ਮਹੀਨੇ ’ਚ ਹੀ ਹੋਈਆਂ ਹਨ।
ਪਿਛਲੀ ਵਾਰ ਚੋਣ ਜ਼ਾਬਤਾ 8 ਜਨਵਰੀ 2022 ਨੂੰ ਲੱਗਿਆ ਸੀ ਅਤੇ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਦੀ ਪੂਰੀ ਟੀਮ ਨੇ 15-16 ਦਸੰਬਰ 2021 ਨੂੰ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ ਸੀ। ਉਸ ਵੇਲੇ 43 ਦਿਨਾਂ ’ਚ ਪੂਰੀ ਚੋਣ ਪ੍ਰਕਿਰਿਆ ਸਿਰੇ ਚੜ੍ਹੀ ਸੀ। ਸੂਬੇ ’ਚ 117 ਵਿਧਾਨ ਸਭਾ ਹਲਕਿਆਂ ’ਚ ਇੱਕ ਗੇੜ ’ਚ ਹੀ ਚੋਣ ਕਰਵਾਈ ਜਾਂਦੀ ਹੈ। ਐੱਸ ਆਈ ਆਰ ਮਗਰੋਂ ਪੰਜਾਬ ’ਚ ਕੁੱਲ 2,01,00,727 ਯੋਗ ਵੋਟਰ ਹਨ ਜਿਨ੍ਹਾਂ ’ਚੋਂ 1,03,76,026 ਪੁਰਸ਼ ਅਤੇ 97,24,195 ਮਹਿਲਾ ਵੋਟਰਾਂ ਹਨ। ਇਨ੍ਹਾਂ ਤੋਂ ਇਲਾਵਾ 506 ਥਰਡ ਜੈਂਡਰ ਨਾਲ ਸਬੰਧਤ ਵੋਟਰ ਸ਼ਾਮਲ ਹਨ।

