#PUNJAB

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ”ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022”

-ਪੰਜਾਬ ਪੁਲਿਸ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
ਚੰਡੀਗੜ੍ਹ, 19 ਜੁਲਾਈ (ਪੰਜਾਬ ਮੇਲ)- ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਤੇ ਬਿਹਤਰ ਬਣਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਵਿੱਢੀ ਮੁਹਿੰਮ ਨੇ, ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਰੋਡ ਸੇਫਟੀ ਇੰਟਰਵੈਂਸ਼ਨਜ਼ ਦੀ ਸ਼੍ਰੇਣੀ ਵਿਚ ਵੱਕਾਰੀ ”ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022” ਨਾਲ ਸਨਮਾਨਿਤ ਕਰ ਕੇ ਸੂਬੇ ਲਈ ਨਾਮੜਾ ਖੱਟਿਆ ਹੈ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਏ.ਡੀ.ਜੀ.ਪੀ. ਟਰੈਫਿਕ ਅਮਰਦੀਪ ਸਿੰਘ ਰਾਏ ਅਤੇ ਟਰੈਫਿਕ ਵਿੰਗ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ, ਜਿਨ੍ਹਾਂ ਨੇ ਟਰੈਫਿਕ ਵਿੰਗ ਦੇ ਮਿਸ਼ਨ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਹ ਸਨਮਾਨ ਮੰਗਲਵਾਰ ਨੂੰ ਫਿਕੀ ਆਡੀਟੋਰੀਅਮ, ਫੈਡਰੇਸ਼ਨ ਹਾਊਸ, ਨਵੀਂ ਦਿੱਲੀ ਵਿਖੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿਕੀ) ਵੱਲੋਂ ਰੋਲ ਆਫ਼ ਕਾਰਪੋਰੇਟਜ਼ ਇਨ ਰੋਡ ਸੇਫਟੀ ਅਤੇ ਫਿਕੀ ਰੋਡ ਸੇਫਟੀ ਐਵਾਰਡਜ਼ 2023 ਕਾਨਫਰੰਸ ਦੌਰਾਨ ਡਾ: ਨਵਦੀਪ ਅਸੀਜਾ, ਟਰੈਫਿਕ ਸਲਾਹਕਾਰ ਪੰਜਾਬ ਅਤੇ ਡਾਇਰੈਕਟਰ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਅਤੇ ਪੀ.ਆਰ.ਐੱਸ.ਟੀ.ਆਰ.ਸੀ. ਦੇ ਵਿਗਿਆਨੀ ਸਿਮਰਨਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਦੀ ਤਰਫੋਂ ਸਾਂਝੇ ਤੌਰ ‘ਤੇ ਹਾਸਲ ਕੀਤਾ ।
ਏ.ਡੀ.ਜੀ.ਪੀ. ਏ.ਐੱਸ. ਰਾਏ ਨੇ ਕਿਹਾ ਕਿ ਇਹ ਐਵਾਰਡ ਟਰੈਫਿਕ ਵਿੰਗ ਦੇ ਹਰ ਉਸ ਵਿਅਕਤੀ ਨੂੰ ਸਮਰਪਿਤ ਹੈ, ਜੋ ਪੰਜਾਬ ਦੀਆਂ ਸੜਕਾਂ ‘ਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੱਕਾਰੀ ਸਨਮਾਨ ਸੜਕ ਸੁਰੱਖਿਆ ਪਹਿਲਕਦਮੀਆਂ ਵਿਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਅਤੇ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਬਣਾਉਣ ਸਬੰਧੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.)  ਨੇ ਡਾਟਾ-ਡ੍ਰਿਵਨ ਡਿਸੀਜਨ ਮੇਕਿੰਗ, ਸੂਚਿਤ ਚੋਣਾਂ ਖਾਤਿਰ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਡੇਟਾ ਦੀ ਵਰਤੋਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

Leave a comment