ਚੰਡੀਗੜ੍ਹ, 13 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਵਸਨੀਕਾਂ ਨੇ ਬੁੱਧਵਾਰ ਨੂੰ ਧੁੰਦ ਦੀ ਸੰਘਣੀ ਚਾਦਰ ਦਾ ਸਾਹਮਣਾ ਕੀਤਾ। ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 339 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ।
ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰ ਦੀਆਂ ਸਾਰੀਆਂ ਉਡਾਣਾਂ ਦਾ ਆਗਮਨ ਅਤੇ ਰਵਾਨਗੀ ਅੱਧਾ ਘੰਟਾ ਦੇਰੀ ਨਾਲ ਰਿਹਾ ਹੈ। ਪੁਣੇ-ਚੰਡੀਗੜ੍ਹ ਫਲਾਈਟ ਵੀ ਸਮੇਂ ਤੋਂ 30 ਮਿੰਟ ਲੇਟ ਸੀ, ਹਾਲਾਂਕਿ ਹੁਣ ਤੱਕ ਕੋਈ ਵੀ ਫਲਾਈਟ ਰੱਦ ਨਹੀਂ ਹੋਈ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਉਣ ਵਾਲੀ ਬੈਂਕਾਕ ਫਲਾਈਟ ਨੂੰ ਦਿੱਲੀ ਵੱਲ ਮੋੜਨਾ ਪਿਆ।
ਵੱਧ ਏ.ਕਿਊ.ਆਈ. ਕਾਰਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰ (ਡੀ.ਜੀ.) ਸੈੱਟਾਂ ਦੀ ਵਰਤੋਂ ‘ਤੇ ਵੀ ਯੂ.ਟੀ. ਵਿਚ ਪਾਬੰਦੀ ਲਗਾਈ ਜਾ ਰਹੀ ਹੈ। ਇਸ ਦੀ ਵਰਤੋਂ ਦੀ ਇਜਾਜ਼ਤ ਹੁਣ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੀ ਜਾਵੇਗੀ। ਸ਼ਹਿਰ ਵਿਚ ਹਵਾ ਦੀ ਗੁਣਵੱਤਾ ਦਾ ਪ੍ਰਬੰਧਨ ਕਰਨ ਲਈ ਇੱਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੀ ਵੀ ਮੰਗ ਕੀਤੀ ਗਈ ਹੈ।