ਨਵਾਡਾ (ਅਮਰੀਕਾ), 27 ਜੂਨ (ਪੰਜਾਬ ਮੇਲ)- ਅਮਰੀਕਾ ਦੇ ਨਵਾਡਾ ਸ਼ਹਿਰ ‘ਚ ਇਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ (ਏ.ਐੱਸ.ਆਈ.) ਪੰਜਾਬ ਦੇ ਪਿੰਡ ਮੁਰਾਦਪੁਰ ਅਵਾਣਾ (ਮੁਕੇਰੀਆਂ) ਦਾ ਰਹਿਣ ਵਾਲਾ ਸੀ ਅਤੇ 4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਆਇਆ ਸੀ।
ਉਹ ਟਰੱਕ ਚਲਾਉਂਦਾ ਸੀ। ਬੀਤੇ ਦਿਨੀਂ ਉਸ ਦੇ ਟਰੱਕ ਦੀ ਟੱਕਰ ਕਿਸੇ ਦੂਜੇ ਟਰੱਕ ਨਾਲ ਹੋ ਗਈ ਅਤੇ ਉਸ ਦੇ ਟਰੱਕ ਨੂੰ ਅੱਗ ਲੱਗ ਗਈ, ਜਿਸ ਦੌਰਾਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਦਮ ਤੋੜ ਗਿਆ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਇਕ ਭੈਣ ਛੱਡ ਗਿਆ ਹੈ। ਉਸ ਦੀ ਮੌਤ ਦੀ ਖ਼ਬਰ ਕਾਰਨ ਪਰਿਵਾਰ ਡੂੰਘੇ ਸਦਮੇ ‘ਚ ਹੈ ਅਤੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾਈ ਹੋਈ ਹੈ।