ਨਿਊਯਾਰਕ, 21 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਧੋਖਾਧੜੀ ਰਾਹੀਂ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਪੰਜਾਬੀ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਅਮਰੀਕਾ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
45 ਸਾਲਾ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਦੀ ਨਾਗਰਿਕਤਾ ਵੀ ਰੱਦ ਕਰ ਦਿੱਤੀ ਗਈ ਸੀ। ਜਦੋਂ ਉਸ ਦੀ ਨਾਗਰਿਕਤਾ ਰੱਦ ਕੀਤੀ ਗਈ ਸੀ, ਤਾਂ ਉਹ ਨਿਊਯਾਰਕ ਵਿਚ ਰਹਿ ਰਿਹਾ ਸੀ। ਇਸ ਮਾਮਲੇ ਵਿਚ ਉਸ ਨੂੰ ਅਦਾਲਤ ਨੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ਨੂੰ ਤਿੰਨ ਸਾਲਾਂ ਲਈ ਉਸ ਦੀ ਨਿਗਰਾਨੀ ਕਰਨ ਦਾ ਵੀ ਹੁਕਮ ਜਾਰੀ ਕੀਤਾ ਹੈ। ਗੁਰਪ੍ਰੀਤ ਨੇ ਆਪਣੀ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ਦੌਰਾਨ ਕਿਹਾ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰ ਉਸ ‘ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਅਤੇ ਬੱਚਿਆਂ ਦੇ ਨਾਲ ਛੇੜਛਾੜ ਕਰਨ ਦੇ ਵੀ ਦੋਸ਼ ਹੀ ਲੱਗੇ ਹਨ। ਜਿਸ ਕਾਰਨ ਉਸ ਦੀ ਨਾਗਰਿਕਤਾ ਵੀ ਰੱਦ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੰਨ 2017 ਦੇ ਇਸ ਅਦਾਲਤੀ ਫ਼ੈਸਲੇ ਬਾਰੇ ਨਿਆਂ ਵਿਭਾਗ ਨੇ ਕਿਹਾ ਕਿ ਜੇਕਰ ਗੁਰਪ੍ਰੀਤ ਸਿੰਘ ਨੇ ਆਪਣੇ ਵਿਰੁੱਧ ਕੇਸ ਦੇ ਵੇਰਵੇ ਦਿੱਤੇ ਹੁੰਦੇ, ਤਾਂ ਉਹ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ ਅਤੇ ਇਸ ਲਈ ਉਸ ਨੇ ਇਹ ਵੇਰਵੇ ਵਿਭਾਗ ਤੋਂ ਲੁਕਾਏ ਸਨ।
ਨਾਗਰਿਕ ਬਣਨ ਤੋਂ ਬਾਅਦ ਉਸ ਦਾ ਰਿਕਾਰਡ ਫੋਲਣ ‘ਤੇ ਉਸ ‘ਤੇ ਬੱਚਿਆਂ ਦੇ ਨਾਲ ਛੇੜਛਾੜ ਦੇ ਇੱਕ ਮਾਮਲੇ ਵਿਚ ਉਸ ਨੇ ਆਪਣਾ ਦੋਸ਼ ਕਬੂਲ ਵੀ ਕਰ ਲਿਆ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਪ੍ਰੈਲ 2012 ਵਿਚ ਗੁਰਪ੍ਰੀਤ ਸਿੰਘ ਨੇ ਨਾਗਰਿਕ ਬਣਨ ਤੋਂ ਅਗਲੇ ਹੀ ਦਿਨ ਉਸ ਨੂੰ ਸਥਾਨਕ ਪੁਲਿਸ ਨੇ ਅਪਰਾਧ ਕਬੂਲ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੀ ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੋਈ ਸੀ। ਫਿਰ ਉਸ ਦੇ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਅਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪਰ ਸੰਯੁਕਤ ਰਾਜ ਅਮਰੀਕਾ ਵਿਚ ਇਹ ਗੰਭੀਰ ਅਪਰਾਧ ਦੇ ਦੋਸ਼ੀ ਠਹਿਰਾਏ ਗਏ ਜਾਂ ਆਪਣੇ ਅਪਰਾਧ ਦਾ ਇਕਬਾਲ ਕਰਨ ਵਾਲੇ ਨੈਚੁਰਲਾਈਜ਼ਡ ਨਾਗਰਿਕਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਖਾਸ ਕਰਕੇ ਜੇਕਰ ਉਨ੍ਹਾਂ ਨੇ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ਤੋਂ ਪਹਿਲਾਂ ਅਪਰਾਧ ਕੀਤਾ ਹੋਵੇ।
ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲਾ ਭਾਰਤੀ ਵਿਅਕਤੀ ਗ੍ਰਿਫ਼ਤਾਰ
