#PUNJAB

ਦੀਨਾਨਗਰ ਦੇ ਇੱਕ ਵਾਰਡ ‘ਚ ਈ.ਵੀ.ਐੱਮ. ਮਸ਼ੀਨ ਹੋਈ ਖਰਾਬ! ਦੋਬਾਰਾ ਹੋ ਸਕਦੀ ਹੈ ਵੋਟਿੰਗ

ਦੀਨਾਨਗਰ, 13 ਜੂਨ (ਪੰਜਾਬ ਮੇਲ)- ਦੀਨਾਨਗਰ ਵਾਰਡ ਨੰਬਰ-6 ਦੇ ਬੂਥ ਨੰਬਰ 9 ‘ਚ ਅਚਾਨਕ ਈ.ਵੀ.ਐੱਮ. ਮਸ਼ੀਨ ਵਿਚ ਖ਼ਰਾਬੀ ਹੋਣ ਕਰਕੇ ਵੋਟਾਂ ਦੇ ਨਤੀਜੇ ਨਹੀਂ ਐਲਾਨੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲਾਂ ਸਵੇਰ ਵੇਲੇ ਕੁਝ ਹੀ ਵੋਟਿੰਗ ਹੋਣ ਉਪਰੰਤ ਮਸ਼ੀਨ ਖ਼ਰਾਬ ਹੋ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਇਥੇ ਇਕ ਨਵੀਂ ਮਸ਼ੀਨ ਲਾ ਦਿੱਤੀ ਗਈ ਸੀ ਅਤੇ ਜਦ ਸ਼ਾਮ ਦੋਨਾਂ ਮਸ਼ੀਨਾਂ ਦੀ ਵੋਟਾਂ ਦੀ ਗਿਣਤੀ ਮਿਲਾਉਣ ਉਪਰੰਤ ਨਤੀਜਾ ਐਲਾਨਿਆ ਜਾਣਾ ਸੀ, ਤਾਂ ਪਹਿਲੀ ਮਸ਼ੀਨ ਦੀ ਡਿਸਪਲੇ ਖ਼ਰਾਬ ਹੋਣ ਕਰਕੇ ਵੋਟਾਂ ਦੀ ਗਿਣਤੀ ਨਹੀਂ ਮਿਲੀ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਬਿਨਾਂ ਗਿਣਤੀ ਕੀਤੇ ਮਸ਼ੀਨਾਂ ਲੈ ਕੇ ਗੁਰਦਾਸਪੁਰ ਵਿਖੇ ਚਲਦੇ ਬਣੇ।
ਇਸ ਉਪਰੰਤ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਉਮੀਦਵਾਰ ਸੀਮਾ ਦੇਵੀ ਦੇ ਪਤੀ ਵਿਜੇ ਕੁਮਾਰ ਨੇ ਦੱਸਿਆ ਕਿ ਸਵੇਰ ਤੋਂ ਹੀ ਮਸ਼ੀਨ ਖ਼ਰਾਬ ਕਰ ਰਹੀ ਸੀ ਪਰ ਹੁਣ ਦੋਬਾਰਾ ਟੈਕਨੀਕਲ ਖ਼ਰਾਬੀ ਪੈਣ ਕਰਕੇ ਇਸ ਬੂਥ ਦੇ ਨਤੀਜੇ ਨਹੀਂ ਐਲਾਨੇ ਗਏ ਅਤੇ ਦੋਬਾਰਾ ਵੋਟਾਂ ਪੈਣ ਦਾ ਭਰੋਸਾ ਦੇ ਕੇ ਪ੍ਰਸ਼ਾਸਨ ਇਥੋਂ ਮਸ਼ੀਨਾਂ ਲੈ ਕੇ ਚਲੇ ਗਏ ਹਨ। ਆਉਣ ਵਾਲੇ ਦਿਨਾਂ ਵਿਚ ਵੇਖਣਾ ਹੋਵੇਗਾ ਕਿ ਮੁੜ ਇਸ ਬੂਥ ਵਿਚ ਦੋਬਾਰਾ ਕਦੋਂ ਵੋਟਿੰਗ ਹੁੰਦੀ ਹੈ।