-3 ਖ਼ਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ, 6 ਜੂਨ (ਪੰਜਾਬ ਮੇਲ)- ਵਿਦੇਸ਼ ਜਾਣ ਦੇ ਸੁਪਨੇ ਇੱਕ ਪਰਿਵਾਰ ਲਈ ਉਸ ਸਮੇਂ ਮੁਸੀਬਤ ‘ਚ ਬਦਲ ਗਏ, ਜਦੋਂ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਇੱਕ 18 ਸਾਲਾ ਨੌਜਵਾਨ ਗੈਰ-ਕਾਨੂੰਨੀ ”ਡੌਂਕੀ ਰੂਟ” ਰਾਹੀਂ ਜਾਂਦਿਆਂ ਕਥਿਤ ਤੌਰ ‘ਤੇ ਲਾਪਤਾ ਹੋ ਗਿਆ। ਆਪਣੇ ਪੁੱਤਰ ਨੂੰ ਅਮਰੀਕਾ ਪਹੁੰਚਾਉਣ ਦੀ ਇਹ ਇੱਛਾ ਹੁਣ ਇਸ ਪਰਿਵਾਰ ਲਈ ਵੱਡੀ ਚਿੰਤਾ ਦਾ ਸਬੱਬ ਬਣ ਚੁੱਕੀ ਹੈ।
ਇਸ ਮਾਮਲੇ ਵਿਚ, ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਪਰਿਵਾਰ ਨਾਲ ਉਨ੍ਹਾਂ ਦੇ ਪੁੱਤਰ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਬਹਾਨੇ 44 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਲਾਪਤਾ ਨੌਜਵਾਨ ਛਿੰਦਰਪਾਲ ਸਿੰਘ ਦੇ ਪਿਤਾ ਮਲਕੀਤ ਸਿੰਘ (ਵਾਸੀ ਪਿੰਡ ਖੁੰਦੜ ਗੱਟੀ) ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਜਦੋਂ ਉਸ ਦੇ ਪੁੱਤਰ ਨੂੰ ਕੋਈ ਢੁਕਵਾਂ ਰੁਜ਼ਗਾਰ ਨਾ ਮਿਲਿਆ, ਤਾਂ ਉਸ ਨੇ ਵਿਦੇਸ਼ ਵਿਚ ਸੁਨਹਿਰੀ ਭਵਿੱਖ ਲੱਭਣ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ, ”ਅਸੀਂ ਆਪਣੇ ਪੁੱਤਰ ਦੇ ਭਵਿੱਖ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਅਸੀਂ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਦਿੱਤੇ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਵੀ ਉਧਾਰ ਲਏ, ਕਿਉਂਕਿ ਸਾਨੂੰ ਵਿਸ਼ਵਾਸ ਸੀ ਕਿ ਉਹ ਅਮਰੀਕਾ ਪਹੁੰਚ ਕੇ ਇੱਕ ਚੰਗੀ ਜ਼ਿੰਦਗੀ ਬਣਾ ਲਵੇਗਾ।”
ਮਲਕੀਤ ਸਿੰਘ ਨੇ ਦੋਸ਼ ਲਾਇਆ ਕਿ ਛਿੰਦਰਪਾਲ ਨੂੰ ਦਸੰਬਰ 2024 ਵਿਚ ਦਿੱਲੀ ਤੋਂ ਭੇਜਿਆ ਗਿਆ ਸੀ, ਪਰ ਉਸ ਨੂੰ ਅਮਰੀਕਾ ਲੈ ਜਾਣ ਦੀ ਬਜਾਏ ਗੁਆਨਾ ਵਿਚ ਲਾਵਾਰਿਸ ਛੱਡ ਦਿੱਤਾ ਗਿਆ।
ਮਲਕੀਤ ਸਿੰਘ ਨੇ ਦੱਸਿਆ, ”ਚਾਰ ਦਿਨਾਂ ਬਾਅਦ, ਉਹ ਕਿਸੇ ਤਰ੍ਹਾਂ ਸਾਡੇ ਨਾਲ ਸੰਪਰਕ ਕਰਨ ਵਿਚ ਕਾਮਯਾਬ ਹੋਇਆ ਅਤੇ ਉਸ ਨੇ ਸਾਨੂੰ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ ਅਤੇ ਉਸ ਨੂੰ ਡੰਕੀ ਰੂਟ ਰਾਹੀਂ ਲਿਜਾਇਆ ਜਾ ਰਿਹਾ ਹੈ।”
ਛਿੰਦਰਪਾਲ ਦੀ ਮਾਂ ਮਿੰਦੋ ਬਾਈ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਮੈਕਸੀਕੋ ਭੇਜ ਦਿੱਤਾ ਗਿਆ, ਜਿੱਥੇ ਉਹ ਹੋਰ ਪ੍ਰਵਾਸੀਆਂ ਦੇ ਨਾਲ ਲਗਪਗ ਇੱਕ ਸਾਲ ਤੱਕ ਫਸਿਆ ਰਿਹਾ।
ਛਿੰਦਰਪਾਲ ਦੀ ਮਾਂ ਨੇ ਦੱਸਿਆ, ”ਕਦੇ-ਕਦਾਈਂ ਫ਼ੋਨ ਆਉਣ ‘ਤੇ ਉਹ ਆਪਣੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਰੋ ਪੈਂਦਾ ਸੀ। ਉਸ ਨੇ ਵਾਰ-ਵਾਰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਪਰਿਵਾਰ ਵੱਲੋਂ ਤੈਅਸ਼ੁਦਾ ਰਕਮ ਪਹਿਲਾਂ ਹੀ ਅਦਾ ਕੀਤੇ ਜਾਣ ਦੇ ਬਾਵਜੂਦ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।”
ਅੱਖਾਂ ਵਿਚ ਹੰਝੂ ਲੈ ਕੇ ਛਿੰਦਰਪਾਲ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਚਿਹਰਾ ਦੇਖਣ ਅਤੇ ਉਸ ਦੀ ਆਵਾਜ਼ ਸੁਣਨ ਲਈ ਤਰਸ ਰਹੀ ਹੈ।
ਪਰਿਵਾਰ ਦੀ ਇਹ ਮੁਸ਼ਕਲ ਫਰਵਰੀ 2026 ਤੋਂ ਬਾਅਦ ਹੋਰ ਵੀ ਵਧ ਗਈ, ਜਦੋਂ ਛਿੰਦਰਪਾਲ ਨਾਲ ਹਰ ਤਰ੍ਹਾਂ ਦਾ ਸੰਪਰਕ ਅਚਾਨਕ ਟੁੱਟ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਨਾ ਤਾਂ ਕੋਈ ਫ਼ੋਨ ਆਇਆ ਹੈ ਅਤੇ ਨਾ ਹੀ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਮਿਲੀ ਹੈ।
ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਪਰਿਵਾਰ ਨੇ ਪੁਲਿਸ ਤੱਕ ਪਹੁੰਚ ਕੀਤੀ। ਪਹਿਲੀ ਸ਼ਿਕਾਇਤ ਇਸੇ ਸਾਲ 26 ਫਰਵਰੀ ਨੂੰ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ।
ਡੀ.ਐੱਸ.ਪੀ. (ਸਿਟੀ) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਕਾਲੂ ਅਰਾਈਆਂ ਉੱਥੜ ਦੇ ਰਹਿਣ ਵਾਲੇ ਮੁਲਜ਼ਮਾਂ ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਕੌਸ਼ਲਿਆ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 318(4) ਅਤੇ 61(2) ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀ ਧਾਰਾ 13 ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
”ਡੌਂਕੀ ਰੂਟ” ਰਾਹੀਂ ਅਮਰੀਕਾ ਜਾ ਰਿਹਾ ਪੰਜਾਬੀ ਨੌਜਵਾਨ ਲਾਪਤਾ!

