#AMERICA

ਟੈਕਸਾਸ ‘ਚ ਵਾਲਮਾਰਟ ਸਟੋਰ ਵਿਚ ਕਤਲੇਆਮ ਦੇ ਦੋਸ਼ੀ ਪੈਟਰਿਕ ਨੇ ਆਪਣਾ ਗੁਨਾਹ ਕਬੂਲਿਆ

* 2019 ‘ਚ ਹੋਈਆਂ ਸਨ 23 ਹੱਤਿਆਵਾਂ
ਸੈਕਰਾਮੈਂਟੋ, 10 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਐਲ ਪਾਸੋ, ਟੈਕਸਾਸ ਵਿਚ ਇਕ ਵਾਲਮਾਰਟ ਸਟੋਰ ਵਿਚ ਅੰਧਾਧੁੰਦ ਗੋਲੀਆਂ ਚਲਾ ਕੇ 23 ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੱਕੀ ਦੋਸ਼ੀ 24 ਸਾਲਾ ਪੈਟਰਿਕ ਕਰੂਸੀਅਸ ਨੇ ਅਦਾਲਤ ‘ਚ ਆਪਣਾ ਗੁਨਾਹ ਕਬੂਲ ਲਿਆ ਹੈ। ਅਗਸਤ 2019 ‘ਚ ਹੋਏ ਇਸ ਕਤਲੇਆਮ ਲਈ ਕਰੂਸੀਅਸ ਵਿਰੁੱਧ ਨਸਲੀ ਅਪਰਾਧ ਸਮੇਤ 90 ਦੋਸ਼ ਆਇਦ ਕੀਤੇ ਗਏ ਸਨ।  ਜਦੋਂ ਜੱਜ ਨੇ 90 ਦੋਸ਼ ਪੜ੍ਹੇ ਤਾਂ ਕਰੂਸੀਅਸ ਚੁੱਪਚਾਪ ਸਿਰ ਹੇਠਾਂ ਕਰਕੇ ਖੜ੍ਹਾ ਰਿਹਾ ਤੇ ਆਪਣੇ ਸਾਹਮਣੇ ਪਏ ਮੇਜ਼ ਵੱਲ ਵੇਖਦਾ ਰਿਹਾ। ਇਨ੍ਹਾਂ ਦੋਸ਼ਾਂ ਵਿਚ ਮਾਰੇ ਗਏ ਤੇ ਬਚ ਗਏ ਜ਼ਖਮੀਆਂ ਦੇ ਨਾਂ ਵੀ ਸ਼ਾਮਲ ਸਨ। ਆਪਣੇ ਅਟਾਰਨੀ ਦੇ ਨਾਲ ਬੈਠੇ ਕਰੂਸੀਅਸ ਨੂੰ ਖੜ੍ਹੇ ਹੋ ਕੇ ਆਪਣਾ ਗੁਨਾਹ ਕਬੂਲਣ ਲਈ ਕਿਹਾ ਗਿਆ। ਜਿਸ ਉਪਰੰਤ ਉਸ ਨੇ ਅਜਿਹਾ ਹੀ ਕੀਤਾ। ਇਸ ਮਾਮਲੇ ਵਿਚ ਕੋਈ ਗਵਾਹ ਨਹੀਂ ਸੀ। ਪਿਛਲੇ ਮਹੀਨੇ ਸੰਘੀ ਵਕੀਲਾਂ ਨੇ ਕਿਹਾ ਸੀ ਕਿ ਉਹ ਇਸ ਮਾਮਲੇ ‘ਚ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰਨਗੇ। ਇਸ ਉਪਰੰਤ ਮਾਮਲੇ ਵਿਚ ਮੋੜ ਆਇਆ।  ਜੱਜ ਨੇ ਕਿਹਾ ਕਿ ਸੰਘੀ ਮੁਕੱਦਮਾ ਜਨਵਰੀ 2024 ‘ਚ ਸ਼ੁਰੂ ਹੋਣਾ ਸੀ ਪਰੰਤੂ ਹੁਣ ਕਰੂਸੀਅਸ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਇਸ ਲਈ ਜੂਨ ਵਿਚ ਸਜ਼ਾ ਦੀ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।

Leave a comment