ਲੁਧਿਆਣਾ, 7 ਸਤੰਬਰ (ਪੰਜਾਬ ਮੇਲ)- ਟਰਾਂਸਪੋਰਟੇਸ਼ਨ ਟੈਂਡਰ ਘਪਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਫਰੀਜ਼ ਕੀਤੇ ਗਏ ਛੇ ਬੈਂਕ ਲਾਕਰਾਂ ‘ਚੋਂ ਚਾਰ ਦੀ ਪੜਤਾਲ ਦੌਰਾਨ 4 ਕਿੱਲੋ ਸੋਨਾ ਬਰਾਮਦ ਹੋਇਆ ਹੈ, ਜਿਸ ਦੀ ਕੀਮਤ 2 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਈ.ਡੀ. ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਬੈਂਕ ਲਾਕਰਾਂ ਦੀ ਤਲਾਸ਼ੀ ਲਈ ਸੀ, ਜਿਸ ‘ਚੋਂ ਗਹਿਣੇ ਤੇ ਹੋਰ ਕੀਮਤੀ ਸਾਮਾਨ ਮਿਲਿਆ ਸੀ। ਹੁਣ ਤੱਕ ਇਸ ਮਾਮਲੇ ‘ਚ ਜ਼ਬਤ ਕੀਤੀ ਗਈ ਕੁੱਲ ਰਕਮ 8.6 ਕਰੋੜ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਈ. ਡੀ. ਵੱਲੋਂ ਜ਼ਮਾਨਤ ‘ਤੇ ਬਾਹਰ ਆਏ ਮੁਲਜ਼ਮਾਂ ਦਾ ਡਾਟਾ ਵੀ ਕਢਵਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਈ.ਡੀ. ਨੇ ਵਿਜੀਲੈਂਸ ਤੋਂ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਕੁਝ ਡਾਟਾ ਮੰਗਿਆ ਹੈ ਤੇ ਇਸ ਮਾਮਲੇ ‘ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਜਲਦੀ ਪੁੱਛ-ਪੜਤਾਲ ਲਈ ਸੱਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਈ. ਡੀ. ਨੇ ਸਾਬਕਾ ਮੰਤਰੀ ਦੇ ਨਜ਼ਦੀਕੀਆਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਨੂੰ ਜਾਂਚ ‘ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।