#AMERICA

ਟਰੰਪ ਵੱਲੋਂ ਸੋਸ਼ਲ ਸਕਿਓਰਿਟੀ ਦੀਆਂ ਉਮਰਾਂ ਦੇ ਨਾਂ ਬਦਲਣ ਵਾਲੇ ਬਿੱਲ ‘ਤੇ ਦਸਤਖ਼ਤ

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ Claiming Age Clarity Act ‘ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਦੋ-ਪਾਰਟੀ ਕਾਨੂੰਨ ਦਾ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਉਹ ਕਿਸ ਉਮਰ ਵਿਚ ਸੋਸ਼ਲ ਸਕਿਓਰਿਟੀ ਰਿਟਾਇਰਮੈਂਟ ਲਾਭ ਲੈਂਦੇ ਹਨ, ਤਾਂ ਉਨ੍ਹਾਂ ਦੇ ਮਹੀਨਾਵਾਰ ਚੈੱਕ ‘ਤੇ ਕੀ ਅਸਰ ਪੈਂਦਾ ਹੈ। ਕਾਨੂੰਨ 20 ਨਵੰਬਰ ਨੂੰ ਲਾਗੂ ਕੀਤਾ ਗਿਆ।
ਨਵੇਂ ਕਾਨੂੰਨ ਤਹਿਤ ਸੋਸ਼ਲ ਸਕਿਓਰਿਟੀ ਪ੍ਰਸ਼ਾਸਨ ਆਪਣੀ ਵੈੱਬਸਾਈਟ ਅਤੇ ਛਪੇ ਹੋਏ ਦਸਤਾਵੇਜ਼ਾਂ ਵਿਚ ਕੁਝ ਪੁਰਾਣੇ ਸ਼ਬਦਾਂ ਦੀ ਥਾਂ ਹੋਰ ਸਪੱਸ਼ਟ ਨਾਂ ਵਰਤੇਗਾ। 62 ਸਾਲ ਦੀ ਉਮਰ ਨੂੰ ਪਹਿਲਾਂ ”Early Eligibility Age” ਕਿਹਾ ਜਾਂਦਾ ਸੀ; ਹੁਣ ਇਸ ਨੂੰ ”ਮਿਨੀਮਮ ਮੰਥਲੀ ਬੈਨੀਫਿਟ ਏਜ” ਕਿਹਾ ਜਾਵੇਗਾ। ਇਹ ਉਹ ਸਭ ਤੋਂ ਛੋਟੀ ਉਮਰ ਹੈ, ਜਿਸ ਤੋਂ ਕੋਈ ਵਿਅਕਤੀ ਰਿਟਾਇਰਮੈਂਟ ਲਾਭ ਲੈਣਾ ਸ਼ੁਰੂ ਕਰ ਸਕਦਾ ਹੈ।
”ਫੁੱਲ ਰਿਟਾਇਰਮੈਂਟ ਏਜ” ਦੀ ਥਾਂ ”ਸਟੈਂਡਰਡ ਮੰਥਲੀ ਬੈਨੀਫਿਟ ਏਜ” ਸ਼ਬਦ ਵਰਤਿਆ ਜਾਵੇਗਾ। ਜਨਮ ਦੇ ਸਾਲ ਮੁਤਾਬਕ ਇਹ ਉਮਰ ਆਮ ਤੌਰ ‘ਤੇ 66 ਜਾਂ 67 ਸਾਲ ਹੁੰਦੀ ਹੈ। 70 ਸਾਲ ਦੀ ਉਮਰ ਤੱਕ ਲਾਭ ਲੈਣ ਵਿਚ ਦੇਰੀ ਕਰਨ ਨਾਲ ਮਹੀਨਾਵਾਰ ਰਕਮ ਵਧ ਸਕਦੀ ਹੈ; ਇਸ ਉਮਰ ਨੂੰ ਹੁਣ ”ਮੈਕਸੀਮਮ ਮੰਥਲੀ ਬੈਨੀਫਿਟ ਏਜ” ਕਿਹਾ ਜਾਵੇਗਾ।
ਇਸ ਕਾਨੂੰਨ ਨਾਲ ਲਾਭ ਲੈਣ ਦੀਆਂ ਉਮਰਾਂ ਜਾਂ ਭੁਗਤਾਨ ਦੇ ਨਿਯਮ ਨਹੀਂ ਬਦਲਦੇ। 62 ਸਾਲ ਦੀ ਉਮਰ ‘ਤੇ ਲਾਭ ਲੈਣ ਨਾਲ ਰਕਮ ਘੱਟ ਹੋ ਸਕਦੀ ਹੈ, ਜਦਕਿ ਦੇਰ ਨਾਲ ਲੈਣ ‘ਤੇ ਮਹੀਨਾਵਾਰ ਭੁਗਤਾਨ ਵਧ ਸਕਦਾ ਹੈ। ਤਬਦੀਲੀਆਂ ਲਾਗੂ ਕਰਨ ਲਈ ਪ੍ਰਸ਼ਾਸਨ ਨੂੰ ਕਾਨੂੰਨ ਬਣਨ ਤੋਂ 12 ਮਹੀਨੇ ਜਾਂ 1 ਜਨਵਰੀ 2027, ਜੋ ਵੀ ਤਾਰੀਖ਼ ਬਾਅਦ ਆਵੇ, ਤੱਕ ਦਾ ਸਮਾਂ ਦਿੱਤਾ ਗਿਆ ਹੈ।