ਵੈਨਕੂਵਰ, 11 ਜੂਨ (ਪੰਜਾਬ ਮੇਲ)- ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿਕੇ ਕੈਨੇਡਾ ਅਤੇ ਮੈਕਸੀਕੋ ਵੱਲੋਂ ਸਤੰਬਰ ‘ਚ ਨਵਿਆਏ ਜਾਣ ਵਾਲੇ ਮੁਫਤ ਵਪਾਰ ਸਮਝੌਤੇ ਨੂੰ ਨਵਿਆਏ ਜਾਣ ਤੋਂ ਕੋਰੀ ਨਾਂਹ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਬਾਰੇ ਲੱਗ ਰਹੇ ਕਿਆਫਿਆਂ ‘ਤੇ ਵਿਰਾਮ ਲਾ ਦਿੱਤਾ ਹੈ।
ਆਪਣੇ ਦਫਤਰ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੋ ਗਲਤੀ ਉਸ ਨੇ 2020 ‘ਚ ਨਾਫਟਾ ਦੀ ਥਾਂ ਕੁਸਮਾ ਲਾਗੂ ਕਰਕੇ ਕੀਤੀ ਸੀ, ਉਹ ਹੁਣ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਅਮਰੀਕਾ ਲਈ ਚੰਗਾ ਨਹੀਂ। ਉਸ ਨੇ ਕਿਹਾ ਕਿ 1992 ‘ਚ ਲਾਗੂ ਹੋਇਆ ਤਿੰਨਾਂ ਦੇਸ਼ਾਂ ‘ਚ ਬੰਧਨ ਮੁਕਤ ਵਪਾਰ ਸਮਝੌਤੇ ਨੂੰ ਅਮਰੀਕਾ ਲਈ ਚੰਗਾ ਨਾ ਸਮਝ ਕੇ ਉਸ ਦੀ ਥਾਂ ਕੈਨੇਡਾ ਅਮਰੀਕਾ ਮੈਕਸੀਕੋ ਵਿਚਕਾਰ ਯਨੀ ਕੁਸਮਾ ਲਾਗੂ ਕਰਵਾਇਆ ਸੀ, ਪਰ ਇਸ ਵਾਰ ਉਸ ਨੂੰ ਕਿਸੇ ਵੀ ਹਾਲਤ ‘ਚ ਨਵਿਆਇਆ ਨਹੀਂ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਮੈਕਸੀਕੋ ਦੀ ਕਿਸੇ ਚੀਜ਼ ਦੀ ਲੋੜ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੈ, ਜੋ ਅਮਰੀਕਾ ਕੋਲ ਹਨ, ਜਿਸ ਲਈ ਦੋਹਾਂ ਦੇਸ਼ਾਂ ਨੂੰ ਅਮਰੀਕਾ ਨਾਲ ਚੰਗਾ ਵਿਵਹਾਰ ਕਰਨ ਦੀ ਲੋੜ ਹੈ।
ਟਰੰਪ ਨੇ ਭਰੋਸੇ ਨਾਲ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਵਪਾਰ ਕਰਨਾ ਅਮਰੀਕਾ ਲਈ ਘਾਟੇ ਦਾ ਸੌਦਾ ਹੈ। ਸਾਡੇ ਕੋਲ ਉਨ੍ਹਾਂ ਨਾਲੋਂ ਕੁਝ ਵੱਧ ਹੀ ਹੈ। ਅਮਰੀਕਾ ਨੂੰ ਉਨ੍ਹਾਂ ਦੀਆਂ ਕਾਰਾਂ ਦੀ ਲੋੜ ਨਹੀਂ ਹੈ। ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ ਹੈ। ਸਾਨੂੰ ਉਨ੍ਹਾਂ ਦੀ ਊਰਜਾ ਦੀ ਲੋੜ ਨਹੀਂ ਤੇ ਆਪਣੀ ਗੱਲ ਮੁਕਾਉਂਦੇ ਹੋਏ ਟਰੰਪ ਨੇ ਕਿਹਾ ”ਸਾਨੂੰ ਉਨ੍ਹਾਂ ਤੋਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਤੇ ਜਦ ਲੋੜ ਹੀ ਨਹੀਂ, ਤਾਂ ਸਮਝੌਤੇ ਕਿਸ ਲਈ ਕੀਤਾ ਜਾਵੇ।”
ਟਰੰਪ ਵੱਲੋਂ ਉੱਤਰੀ ਅਮਰੀਕਾ ਮੁਫਤ ਵਪਾਰ ਸਮਝੌਤਾ ਨਵਿਆਉਣ ਤੋਂ ਨਾਂਹ

