#INDIA

ਅਮਰੀਕਾ-ਇਰਾਨ ਟਕਰਾਅ ਵਧਣ ਨਾਲ ਕੱਚਾ ਤੇਲ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੇ ਆਸਾਰ: ਰਿਪੋਰਟ

-ਖਾੜੀ ਖੇਤਰ ‘ਚ ਤਣਾਅ ਕਾਰਨ ਤੇਲ ਸਪਲਾਈ ਪ੍ਰਭਾਵਿਤ; ਕੌਮਾਂਤਰੀ ਬਾਜ਼ਾਰਾਂ ਅਤੇ ਸ਼ੇਅਰ ਮਾਰਕੀਟ ‘ਤੇ ਵਧਿਆ ਦਬਾਅ
ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)- ਜੇਕਰ ਅਮਰੀਕਾ ਅਤੇ ਇਰਾਨ ਦਰਮਿਆਨ ਚੱਲ ਰਹੀ ਤਲਖ਼ੀ ਹੋਰ ਵਧਦੀ ਹੈ, ਤਾਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 150 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ। ਖਾੜੀ ਖੇਤਰ ਵਿਚ ਵਧਦੇ ਤਣਾਅ ਕਾਰਨ ਤੇਲ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਅਸਰ ਕੀਮਤਾਂ ‘ਤੇ ਦੇਖਣ ਨੂੰ ਮਿਲ ਸਕਦਾ ਹੈ।
ਓਸਲੋ (ਨਾਰਵੇ) ਦੀ ਇੱਕ ਪ੍ਰਮੁੱਖ ਊਰਜਾ ਖੋਜ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਤਾਜ਼ਾ ਟਕਰਾਅ ਕਾਰਨ ਅਪਰੈਲ ਮਹੀਨੇ ਵਿਚ ਹੋਈ ਜੰਗਬੰਦੀ ਹੁਣ ਬੇਹੱਦ ਨਾਜ਼ੁਕ ਦੌਰ ਵਿਚ ਪਹੁੰਚ ਗਈ ਹੈ। ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਆਲਮੀ ਵਿੱਤੀ ਬਾਜ਼ਾਰਾਂ, ਖ਼ਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ‘ਤੇ ਭਾਰੀ ਦਬਾਅ ਦੇਖਿਆ ਜਾ ਰਿਹਾ ਹੈ।
‘ਰਿਸਟੈਡ ਐਨਰਜੀ’ ਦੇ ਭੂ-ਰਾਜਨੀਤਿਕ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਅਤੇ ਸੀਨੀਅਰ ਮੀਤ ਪ੍ਰਧਾਨ ਜੋਰਜ ਲਿਓਨ ਨੇ ਕਿਹਾ, ”ਇਸ ਪੜਾਅ ‘ਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਤਣਾਅ ਪੂਰੀ ਜੰਗ ਦਾ ਰੂਪ ਲਵੇਗਾ ਜਾਂ ਇਹ ਇੱਕ ਖ਼ਤਰਨਾਕ ਪਰ ਕਾਬੂ ਹੇਠ ਰੱਖਣ ਯੋਗ ਘਟਨਾਕ੍ਰਮ ਹੈ।” ਉਨ੍ਹਾਂ ਦੱਸਿਆ ਕਿ ਟਕਰਾਅ ਕਾਰਨ ਬਾਜ਼ਾਰ ਵਿਚ ਅਨਿਸ਼ਚਿਤਤਾ ਸਾਫ਼ ਦਿਖ ਰਹੀ ਹੈ, ਜਿਸ ਕਾਰਨ ਬ੍ਰੈਂਟ ਕਰੂਡ ਦੀ ਕੀਮਤ ਇੱਕ ਵਾਰ 94.5 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਤੋਂ ਬਾਅਦ ਮੁੜ 93 ਡਾਲਰ ‘ਤੇ ਆ ਗਈ।
ਲਿਓਨ ਮੁਤਾਬਕ, ਮੌਜੂਦਾ ਸਪਲਾਈ ਸੰਕਟ ਦੇ ਤੁਰੰਤ ਪ੍ਰਭਾਵ ਨੂੰ ਘੱਟ ਕਰਨ ਲਈ ਰਣਨੀਤਕ ਪੈਟਰੋਲੀਅਮ ਭੰਡਾਰ (ਐੱਸ.ਪੀ.ਆਰ.) ਵਿਚੋਂ ਰਿਕਾਰਡ ਤੇਲ ਜਾਰੀ ਕਰਨਾ, ਚੀਨ ਵੱਲੋਂ ਘੱਟ ਕੀਤੀ ਗਈ ਦਰਾਮਦ ਅਤੇ ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ਰਾਹੀਂ ‘ਸਟਰੇਟ ਆਫ ਹੋਰਮੁਜ਼’ ਨੂੰ ਬਾਈਪਾਸ ਕਰਕੇ ਸਪਲਾਈ ਜਾਰੀ ਰੱਖਣਾ ਮਦਦਗਾਰ ਸਾਬਤ ਹੋ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਗਲੇ ਕੁਝ ਦਿਨ ਬੇਹੱਦ ਅਹਿਮ ਹੋਣਗੇ, ਜੋ ਇਹ ਤੈਅ ਕਰਨਗੇ ਕਿ ਕੂਟਨੀਤੀ ਰਾਹੀਂ ਮਾਮਲਾ ਸ਼ਾਂਤ ਹੁੰਦਾ ਹੈ ਜਾਂ ਇਹ ਟਕਰਾਅ ਲੰਮੇ ਸਮੇਂ ਲਈ ਖਿੱਚਿਆ ਜਾਵੇਗਾ। ਰਿਪੋਰਟ ਵਿਚ ਸੰਕੇਤ ਦਿੱਤਾ ਗਿਆ ਹੈ ਕਿ ਖਾੜੀ ਦੇ ਛੇ ਪ੍ਰਮੁੱਖ ਦੇਸ਼ਾਂ ਵਿਚ ਰੋਜ਼ਾਨਾ ਲਗਭਗ 1.18 ਕਰੋੜ ਬੈਰਲ ਤੇਲ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ, ਜੋ ਕਿ ਆਧੁਨਿਕ ਤੇਲ ਇਤਿਹਾਸ ਦੇ ਸਭ ਤੋਂ ਵੱਡੇ ਝਟਕਿਆਂ ਵਿਚੋਂ ਇੱਕ ਹੈ। ਪਿਛਲੇ ਤਿੰਨ ਮਹੀਨਿਆਂ ਵਿਚ ਕੌਮਾਂਤਰੀ ਬਾਜ਼ਾਰ ਵਿਚੋਂ ਲਗਭਗ ਇੱਕ ਅਰਬ ਬੈਰਲ ਤੇਲ ਦੀ ਸਪਲਾਈ ਗਾਇਬ ਹੋ ਚੁੱਕੀ ਹੈ, ਜਿਸ ਕਾਰਨ ਆਲਮੀ ਪੱਧਰ ‘ਤੇ ਚਿੰਤਾਵਾਂ ਵਧ ਗਈਆਂ ਹਨ।