ਸੈਕਰਾਮੈਂਟੋ, 18 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਬਾਹਰਲੇ ਦੇਸ਼ਾਂ ਵਿਚ ਚੱਲ ਰਹੇ ਦੋ ਦਰਜਨ ਤੋਂ ਵਧ ਦੂਤਘਰਾਂ ਤੇ ਕੌਂਸਲਖਾਨਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਮੀਡੀਆ ਨੂੰ ਇੰਟਰਨਲ ਸਟੇਟ ਡਿਪਾਰਟਮੈਂਟ ਤੋਂ ਮਿਲੇ ਇਕ ਦਸਤਾਵੇਜ਼ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਵਿਦੇਸ਼ਾਂ ‘ਚ ਕੂਟਨੀਤਿਕ ਵਿਵਸਥਾ ‘ਚ ਵੱਡੀਆਂ ਤਬਦੀਲੀਆਂ ਕਰਨਾ ਚਾਹੁੰਦੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਦਸਤਾਵੇਜ਼ ਉਪਰ ਦਸਤਖਤ ਕਰ ਦਿੱਤੇ ਹਨ ਜਾਂ ਨਹੀਂ। ਦਸਤਾਵੇਜ਼ ਵਿਚ 10 ਦੂਤਘਰਾਂ ਤੇ 17 ਕੌਂਸਲਖਾਨਿਆਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕਈ ਯੂਰਪ ਤੇ ਅਫਰੀਕਾ ਵਿਚ ਹਨ। ਇਕ-ਇਕ ਏਸ਼ੀਆ ਤੇ ਕੈਰੀਬੀਅਨ ਵਿਚ ਹੈ। ਮਾਲਟਾ, ਲਗਜ਼ਮਬਰਗ, ਲੈਸੋਥੋ, ਰਿਪਬਲਿਕ ਆਫ ਕਾਂਗੋ, ਸੈਂਟਰਲ ਅਫਰੀਕਨ ਰਿਪਬਲਿਕ ਤੇ ਦੱਖਣੀ ਸੂਡਾਨ ਵਿਚਲੇ ਦੂਤਘਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਸੂਚੀ ਵਿਚ ਫਰਾਂਸ ਵਿਚਲੇ 5 ਕੌਂਸਲਖਾਨੇ, ਜਰਮਨੀ ਵਿਚਲੇ 2, ਬੋਸਨੀਆ ਤੇ ਹਰਜਗੋਵਿਨਾ ਵਿਚਲੇ 2, ਯੂ.ਕੇ. ਵਿਚਲਾ 1 ਤੇ ਦੱਖਣੀ ਅਫਰੀਕਾ ਤੇ ਦੱਖਣੀ ਕੋਰੀਆ ਵਿਚਲਾ ਇਕ-ਇਕ ਦੂਤਘਰ ਸ਼ਾਮਲ ਹੈ। ਦਸਤਾਵੇਜ ਵਿਚ ਬੰਦ ਕੀਤੇ ਜਾ ਰਹੇ ਦੂਤਘਰਾਂ ਦਾ ਕੰਮਕਾਜ ਗਵਾਂਢੀ ਦੇਸ਼ਾਂ ਵਿਚਲੇ ਦੂਤਘਰਾਂ ਵੱਲੋਂ ਵੇਖਣ ਦੀ ਤਜਵੀਜ਼ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਇਸ ਦਸਤਾਵੇਜ਼ ਬਾਰੇ ਜਾਂ ਵਿਦੇਸ਼ ਵਿਭਾਗ ਵੱਲੋਂ ਵੱਡੀ ਪੱਧਰ ਉਪਰ ਕੀਤੇ ਜਾ ਰਹੇ ਫੇਰਬਦਲ ਬਾਰੇ ਕੁਝ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਲੀਕ ਹੋਏ ਦਸਤਾਵੇਜ਼ ਦੇ ਆਧਾਰ ‘ਤੇ ਕੋਈ ਗੱਲ ਕਹਿਣੀ ਕਾਹਲ ਹੋਵੇਗੀ ਜਾਂ ਗਲਤ ਹੋਵੇਗਾ। ਇਸ ਲਈ ਮੈਂ ਤੁਹਾਨੂੰ ਵ੍ਹਾਈਟ ਹਾਊਸ ਤੇ ਰਾਸ਼ਟਰਪਤੀ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਾ ਹਾਂ, ਜੋ ਆਪਣੀ ਬਜਟ ਯੋਜਨਾ ਤਹਿਤ ਨਿਰੰਤਰ ਕੰਮ ਕਰ ਰਹੇ ਹਨ। ਦੂਤਘਰ ਤੇ ਕੌਂਸਲਖਾਨੇ ਵਿਦੇਸ਼ ਵਿਭਾਗ ਦਾ ਅਹਿਮ ਹਿੱਸਾ ਹੈ, ਜੋ ਵੀਜ਼ੇ ਦੇਣ ਵਰਗੀਆਂ ਸੇਵਾਵਾਂ ਦਿੰਦੇ ਹਨ ਤੇ ਲੋੜ ਪੈਣ ‘ਤੇ ਅਮਰੀਕੀ ਸ਼ਹਿਰੀਆਂ ਦੀ ਮਦਦ ਕਰਦੇ ਹਨ।
ਟਰੰਪ ਪ੍ਰਸ਼ਾਸਨ ਵੱਲੋਂ ਵੱਖ-ਵੱਖ ਦੇਸ਼ਾਂ ਵਿਚਲੇ 2 ਦਰਜਨ ਤੋਂ ਵਧ ਦੂਤਘਰਾਂ ਤੇ ਕੌਂਸਲਖਾਨਿਆਂ ਨੂੰ ਬੰਦ ਕਰਨ ਦੀ ਤਿਆਰੀ
