#AMERICA

ਟਰੰਪ ਦੇ ਭਾਰੀ ਟੈਰਿਫ ਦਾ ਚੀਨ ਦੀ ਆਰਥਿਕਤਾ ‘ਤੇ ਵੱਡਾ ਪ੍ਰਭਾਵ

-ਤਬਾਹੀ ਦੇ ਕੰਢੇ ‘ਤੇ 77% ਨਿਰਯਾਤ
ਵਾਸ਼ਿੰਗਟਨ, 5 ਮਈ (ਰਾਜ ਗੋਗਨਾ/ਪੰਜਾਬ ਮੇਲ)- ਦੁਨੀਆਂ ਦੇ ਦੋ ਸਭ ਤੋਂ ਵੱਡੇ ਦੇਸ਼ਾਂ, ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਵਪਾਰ ਜੰਗ ਨੇ ਇੱਕ ਖ਼ਤਰਨਾਕ ਮੋੜ ਲੈ ਲਿਆ ਹੈ। ਡੋਨਾਲਡ ਟਰੰਪ ਦੇ ਭਾਰੀ ਟੈਰਿਫ (ਆਯਾਤ ਡਿਊਟੀਆਂ) ਦਾ ਚੀਨ ਦੀ ਆਰਥਿਕਤਾ ‘ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਹੁਣ ਭਾਰਤ ਨੇ ਆਪਣੀ ਟੈਕਸ ਪ੍ਰਣਾਲੀ ਨੂੰ ਸਖ਼ਤ ਕਰਨ ਅਤੇ ਨਕਲੀ ਛੋਟਾਂ ਅਤੇ ਕਟੌਤੀਆਂ ‘ਤੇ ਸ਼ਿਕੰਜਾ ਕੱਸਣ ਦਾ ਵੀ ਫੈਸਲਾ ਕੀਤਾ ਹੈ। ਵਿਸ਼ਵ ਵਪਾਰ ਸੰਗਠਨ (ਡਬਲਯੂ.ਐੱਚ.ਓ.) ਅਨੁਸਾਰ, ਜੇਕਰ ਅਮਰੀਕਾ 2025 ਤੱਕ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਟੈਰਿਫ ਜਾਰੀ ਰੱਖਦਾ ਹੈ, ਤਾਂ ਚੀਨ ਦਾ ਅਮਰੀਕਾ ਨੂੰ ਨਿਰਯਾਤ 77% ਘੱਟ ਸਕਦਾ ਹੈ। 2024 ਵਿਚ, ਅਮਰੀਕਾ ਨੇ ਚੀਨ ਤੋਂ ਲਗਭਗ 440 ਬਿਲੀਅਨ ਡਾਲਰ ਦੇ ਸਮਾਨ ਦੀ ਦਰਾਮਦ ਕੀਤੀ, ਪਰ 2025 ਵਿਚ ਇੱਕ ਵੱਡੀ ਗਿਰਾਵਟ ਆਉਣ ਦੀ ਉਮੀਦ ਹੈ।
ਚੀਨ ਦਾ ”ਨਿੰਗਬੋ-ਝੌਸ਼ਾਨ ਬੰਦਰਗਾਹ” ਦੁਨੀਆਂ ਦਾ ਸਭ ਤੋਂ ਵਿਅਸਤ ਬੰਦਰਗਾਹ ਹੈ, ਪਰ ਝੇਜਿਆਂਗ ਸੂਬੇ ਦੀਆਂ ਲਗਭਗ 90,000 ਨਿਰਯਾਤ ਕੰਪਨੀਆਂ ਇਸ ਵਪਾਰ ਯੁੱਧ ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਰਹੀਆਂ ਹਨ। ਅਮਰੀਕਾ ਹੁਣ ਚੀਨ ਲਈ ਇੱਕ ਮੁਸ਼ਕਲ ਬਾਜ਼ਾਰ ਬਣ ਗਿਆ ਹੈ। ਡੋਨਾਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਚੀਨ ‘ਤੇ ਭਾਰੀ ਟੈਰਿਫ ਲਗਾਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕਦਮ ਅਮਰੀਕੀ ਉਦਯੋਗਾਂ ਦੀ ਰੱਖਿਆ ਅਤੇ ਚੀਨ ਦੀਆਂ ”ਅਣਉਚਿਤ ਵਪਾਰ ਨੀਤੀਆਂ” ਨੂੰ ਰੋਕਣ ਲਈ ਜ਼ਰੂਰੀ ਹਨ। ਦੂਜੇ ਪਾਸੇ, ਭਾਰਤ ਸਰਕਾਰ ਨੇ ਪ੍ਰਤੱਖ ਟੈਕਸ ਕੁਲੈਕਸ਼ਨ ਨੂੰ ਵਧਾਉਣ ਲਈ ਤਿਆਰੀ ਕਰ ਲਈ ਹੈ। ਸੀ.ਬੀ.ਡੀ.ਟੀ. (ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ) ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚੋਟੀ ਦੇ ਟੈਕਸਦਾਤਾਵਾਂ ਦੀ ਨਿਗਰਾਨੀ ਕਰਨ ਅਤੇ ਜਾਅਲੀ ਟੈਕਸ ਛੋਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ। ਸਰਕਾਰ ਨੇ 2025-26 ਲਈ 25.20 ਲੱਖ ਕਰੋੜ ਰੁਪਏ ਦਾ ਪ੍ਰਤੱਖ ਟੈਕਸ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।